ਬਲਵਿੰਦਰ ਰੈਤ
ਨੂਰਪੁਰ ਬੇਦੀ, 9 ਜੁਲਾਈ
ਇੱਥੇ ਭਾਰੀ ਮੀਂਹ ਨੇ ਪਿੰਡਾਂ ਦਾ ਸਭ ਕੁਝ ਜਲ ਥਲ ਕਰ ਕੇ ਰੱਖ ਦਿੱਤਾ ਹੈ। ਘਰਾਂ ਵਿੱਚ ਪਾਣੀ ਵੜਨ ਨਾਲ ਕਾਫ਼ੀ ਨੁਕਸਾਨ ਹੋ ਗਿਆ। ਹੜ੍ਹ ਦੇ ਪਾਣੀ ਕਾਰਨ ਸੜਕਾਂ ਟੁੱਟਣ ਕਾਰਨ ਆਵਾਜਾਈ ਵਿੱਚ ਵਿਘਨ ਪਿਆ। ਕਿਸਾਨਾਂ ਦੀਆਂ ਫ਼ਸਲਾਂ ਪਾਣੀ ਵਿੱਚ ਡੁੱਬ ਗਈਆਂ। ਸੁਆਂ ਨਦੀ ਦੇ ਪਾਣੀ ਦਾ ਸਤਰ ਵਧ ਗਿਆ ਹੈ ਜਦਕਿ ਭਾਰੀ ਮੀਂਹ ਕਾਰਨ ਦੋ ਵਿਅਕਤੀਆਂ ਦੀ ਮੌਤ ਦੀ ਖ਼ਬਰ ਹੈ।
ਵੇਰਵਿਆਂ ਮੁਤਾਬਕ ਕਈ ਥਾਵਾਂ ਤੋਂ ਪਾਣੀ ਦੇ ਤੇਜ਼ ਵਹਾਅ ਕਾਰਨ ਸੜਕਾਂ ਟੁੱਟੀਆਂ ਹਨ ਜਿਸ ਨਾਲ ਨੂਰਪੁਰ ਬੇਦੀ ਖਿੱਤੇ ਦਾ ਸੰਪਰਕ ਵੀ ਟੁੱਟਿਆ ਹੈ। ਜਮੂਹਰੀ ਕਿਸਾਨ ਸਭਾ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਮਾਸਟਰ ਗੁਰਨਾਇਬ ਸਿੰਘ ਜੇਤੇਵਾਲ ਨੇ ਦੱਸਿਆ ਕਿ ਪਿੰਡ ਜੇਤੇਵਾਲ ਦੇ ਘਰਾਂ ਵਿੱਚ ਪਾਣੀ ਵੜ ਗਿਆ ਹੈ। ਨੂਰਪੁਰ ਬੇਦੀ ਦੇ ਬੰਗਾਲਾ ਬਸਤੀ ਦੇ ਲੋਕ ਬੇਘਰ ਹੋ ਗਏ ਹਨ। ਇਹ ਲੋਕ ਸੜਕ ਤੇ ਬੈਠ ਗਏ ਹਨ। ਪਿੰਡ ਕਲਵਾਂ ਵਿੱਚ ਬਰਸਾਤੀ ਪਾਣੀ ਆਉਣ ਨਾਲ ਕਾਫੀ ਨੁਕਸਾਨ ਹੋਇਆ ਹੈ। ਸੁਨੀਲ ਰੈਤ ਨੇ ਦੱਸਿਆ ਕਿ ਉਨ੍ਹਾਂ ਦਾ ਖੇਤ ਜਿਆਦਾ ਪਾਣੀ ਆਉਣ ਨਾਲ ਬਰਬਾਦ ਹੋ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਪਾਣੀ ਦਾ ਵਹਾਅ ਲਗਾਤਾਰ ਜਾਰੀ ਸੀ।