ਸੁਖਦੇਵ ਸਿੰਘ
ਅਜਨਾਲਾ, 9 ਜੁਲਾਈ
ਭਾਰਤ-ਪਾਕਿਸਤਾਨ ਦੇ ਸਰਹੱਦੀ ਖੇਤਰ ਦੇ ਜ਼ਿਲ੍ਹਾ ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਵਗਦੇ ਰਾਵੀ ਦਰਿਆ ਵਿੱਚ ਅੱਜ ਕਰੀਬ 3 ਲੱਖ ਕਿਊਸਿਕ ਪਾਣੀ ਆਉਣ ਕਾਰਨ ਲੋਕਾਂ ਅੰਦਰ ਸਹਿਮ ਦਾ ਮਾਹੌਲ ਹੈ। ਇਸ ਤੋਂ ਇਲਾਵਾ ਦਰਿਆ ਵਿੱਚ ਪਾਣੀ ਆਉਣ ਨਾਲ ਕੰਢੇ ’ਤੇ ਬੀਜੀਆਂ ਫਸਲਾਂ ਖਰਾਬ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਅਜਨਾਲਾ ਖੇਤਰ ਦੇ ਪਿੰਡ ਕੋਟ ਰਜ਼ਾਦਾ ਪੱਤਣ ’ਤੇ ਰਾਵੀ ਤੋਂ ਪਾਰ ਬੇੜੇ ਰਾਹੀਂ ਖੇਤੀ ਕਰਨ ਜਾਂਦੇ ਕਿਸਾਨ ਗੁਰਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਮੰਗਾ ਸਿੰਘ ਨੇ ਦੱਸਿਆ ਕਿ ਇੱਥੇ ਪੈਂਟੂਨ ਪੁਲ ਕਾਰਨ 8ਵਧੀਆ ਸਹੂਲਤ ਮਿਲੀ ਸੀ ਪਰ ਦਰਿਆ ਵਿੱਚ ਵੱਧ ਪਾਣੀ ਆਉਣ ਅਤੇ ਇਸ ਪੈਂਟੂਨ ਪੁਲ ਦੇ ਰੁੜ੍ਹਨ ਦੇ ਖਤਰੇ ਕਾਰਨ ਪ੍ਰਸ਼ਾਸਨ ਨੇ ਪੁਲ ਨੂੰ ਹਟਾ ਲਿਆ ਹੈ। ਇਸੇ ਦੌਰਾਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਰਾਵੀ ਦਰਿਆ ਦੇ ਕੰਢੇ ’ਤੇ ਵਸਦੇ ਪਿੰਡ ਘੋਨੇਵਾਲਾ ਵਿਚ ਦਰਿਆ ਵਿੱਚ ਪਾਣੀ ਦੇ ਵਧੇ ਹੋਏ ਪੱਧਰ ਅਤੇ ਸੰਭਾਵੀ ਹੜ੍ਹ ਸਬੰਧੀ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਕੁਦਰਤੀ ਆਫਤ ਨਾਲ ਪ੍ਰਭਾਵਿਤ ਹਰੇਕ ਵਿਅਕਤੀ ਦੀ ਮਦਦ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਅੱਜ ਸਵੇਰੇ ਉੱਝ ਦਰਿਆ ਵਿੱਚ 2 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਜੋ ਮਕੌੜਾ ਪੱਤਣ ਕੋਲ ਰਾਵੀ ਵਿੱਚ ਮਿਲ ਗਿਆ ਜਿਸ ਕਾਰਨ ਪਾਣੀ ਦਾ ਪੱਧਰ ਵਧ ਗਿਆ ਹੈ। ਉਨ੍ਹਾਂ ਰਾਵੀ ਦਰਿਆ ਕੋਲ ਵਸਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ ਵੀ ਕੀਤੀ। ਇਸੇ ਦੌਰਾਨ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਕਿਹਾ ਕਿ ਹਾਲੇ ਖਤਰੇ ਵਾਲੀ ਕੋਈ ਗੱਲ ਨਹੀਂ ਹੈ ਪਰ ਕਿਸੇ ਵੀ ਹੜ੍ਹ ਵਰਗੀ ਸਥਿਤੀ ਪੈਦਾ ਹੋਣ ’ਤੇ ਜ਼ਿਲ੍ਹਾ ਕੰਟਰੋਲ ਰੂਮ ਦੇ ਨੰਬਰ 01832229125 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਬੀਐੱਸਐੱਫ ਨੇ ਚੌਕਸੀ ਵਧਾਈ
ਬਟਾਲਾ (ਦਲਬੀਰ ਸੱਖੋਵਾਲੀਆ): ਪੰਜਾਬ ਨਾਲ ਲੱਗਦੇ ਪਹਾੜੀ ਰਾਜਾਂ ਵਿੱਚ ਲੰਘੇ ਦਿਨ ਤੋਂ ਭਾਰੀ ਮੀਂਹ ਪੈਣ ਕਾਰਨ ਕੌਮਾਂਤਰੀ ਸੀਮਾ ਨਾਲ ਵਗਦੇ ਰਾਵੀ ਦਰਿਆ ’ਚ ਪਾਣੀ ਚੜ੍ਹਨ ਕਾਰਨ ਫਸਲਾਂ ਦੇ ਤਬਾਹ ਹੋਣ ਦਾ ਖ਼ਦਸ਼ਾ ਹੈ। ਕੰਡਿਆਲੀ ਤਾਰ ਤੋਂ ਪਾਰ ਵਗਦੇ ਰਾਵੀ ਦਰਿਆ ’ਚ ਪਾਣੀ ਚੜ੍ਹਨ ਕਾਰਨ ਬੀਐੱਸਐੱਫ ਨੇ ਵੀ ਚੌਕਸੀ ਵਧਾ ਦਿੱਤੀ ਹੈ। ਉਧਰ, ਡੀਸੀ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਅਧਿਕਾਰੀਆਂ ਨੂੰ ਅਲਰਟ ਕੀਤਾ ਗਿਆ ਹੈ। ਇਸੇ ਤਰ੍ਹਾਂ ਸ੍ਰੀਹਰਗੋਬਿੰਦਪੁਰ ਨੇੜੇ ਵਗਦੇ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਕਿਸਾਨਾਂ ਦੀਆਂ ਫਸਲਾਂ ਵੀ ਪਾਣੀ ਦੀ ਮਾਰ ਹੇਠ ਆ ਗਈਆਂ ਹਨ। ਇਸੇ ਤਰ੍ਹਾਂ ਬਟਾਲਾ ਨੂੰ ਦੋ ਹਿੱਸਿਆਂ ਵਿੱਚ ਵੰਡਦਾ ਹੰਸਲੀ ਨਾਲਾ ਵੀ ਨੱਕੋ ਨੱਕ ਭਰ ਗਿਆ ਹੈ।
ਪਾਣੀ ਦੀ ਨਿਕਾਸੀ ਲਈ ਪ੍ਰਬੰਧ ਕਰਨ ਦੀ ਹਦਾਇਤ
ਜੰਡਿਆਲਾ ਗੁਰੂ (ਸਿਮਰਤਪਾਲ ਸਿੰਘ ਬੇਦੀ): ਇਥੋਂ ਨੇੜਲੇ ਪਿੰਡ ਧਾਰੜ ਵਿੱਚ ਭਾਰੀ ਮੀਂਹ ਕਾਰਨ ਸੈਂਕੜੇ ਏਕੜ ਖੇਤਾਂ ਵਿੱਚ ਪਾਣੀ ਭਰ ਗਿਆ ਅਤੇ ਝੋਨੇ ਦੀ ਫ਼ਸਲ ਵੀ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਅਤੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਪਿੰਡ ਪੁੱਜੇ। ਉਨ੍ਹਾਂ ਪਾਣੀ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਅਤੇ ਪਾਣੀ ਦੀ ਨਿਕਾਸੀ ਲਈ ਤੁਰੰਤ ਬਦਲਵੇਂ ਪ੍ਰਬੰਧ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਪੱਕੇ ਹੱਲ ਲਈ ਪਿੰਡ ਦੇ ਨਿਕਾਸੀ ਨਾਲੇ ਨੂੰ ਚੌੜਾ ਕੀਤਾ ਜਾਵੇਗਾ ਤਾਂ ਕਿ ਪਾਣੀ ਦੀ ਨਿਕਾਸੀ ਨਾ ਰੁਕੇ।