ਜਗਮੋਹਨ ਸਿੰਘ
ਰੂਪਨਗਰ, 5 ਅਗਸਤ
ਰੂਪਨਗਰ ਜ਼ਿਲ੍ਹੇ ਦੇ ਬੰਨ੍ਹਮਾਜਰਾ ਇਲਾਕੇ ਵਿੱਚ ਫੈਕਟਰੀਆਂ ਦੇ ਪ੍ਰਦੂਸ਼ਣ ਖ਼ਿਲਾਫ਼ ਲੋਕਾਂ ਨੇ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਸਮਾਜ ਸੇਵੀ ਸੁਰਿੰਦਰ ਸਿੰਘ ਬੁੱਗਾ ਚੈੜੀਆਂ ਤੇ ਹਰਪ੍ਰੀਤ ਸਿੰਘ ਨੰਬਰਦਾਰ ਕਲਾਲਮਾਜਰਾ ਦੀ ਅਗਵਾਈ ਵਿੱਚ ਇਕੱਤਰ ਹੋਏ ਹਰਜੀਤ ਸਿੰਘ ਸਰਪੰਚ, ਗੁਰਮੀਤ ਸਿੰਘ ਨੰਬਰਦਾਰ ਕਾਕਰੋਂ, ਕੁਲਬੀਰ ਸਿੰਘ ਭਾਗੋਮਾਜਰਾ, ਗੁਰਵਿੰਦਰ ਸਿੰਘ ਚੈੜੀਆਂ, ਮਨਪ੍ਰੀਤ ਸਿੰਘ ਲੁਹਾਰੀ, ਵਰਿੰਦਰ ਸਿੰਘ ਕਲਾਲਮਾਜਰਾ, ਗੁਰਦੀਪ ਰਾਣਾ ਚਟੌਲੀ, ਰਵਿੰਦਰ ਸਿੰਘ ਚਟੌਲੀ, ਮਲਕੀਤ ਸਿੰਘ ਬੰਨ੍ਹਮਾਜਰਾ, ਤੇਜੀ ਚਿੰਤਗੜ੍ਹ ਤੇ ਜਰਨੈਲ ਸਿੰਘ ਚਿੰਤਗੜ੍ਹ ਆਦਿ ਨੇ ਰੋਸ ਪ੍ਰਗਟਾਉਂਦਿਆਂ ਦੱਸਿਆ ਕਿ ਬੰਨ੍ਹਮਾਜਰਾ ਇਲਾਕੇ ਅੰਦਰ ਵੱਡੀ ਗਿਣਤੀ ਵਿੱਚ ਫੈਕਟਰੀਆਂ ਲੱਗੀਆਂ ਹੋਈਆਂ ਹਨ ਜਿਨ੍ਹਾਂ ਦੁਆਰਾ ਲਗਾਤਾਰ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਇੱਕ ਫੈਕਟਰੀ ਗੰਦਾ ਪਾਣੀ ਫੈਕਟਰੀ ਦੇ ਅੰਦਰ ਕੀਤੇ ਬੋਰਾਂ ਰਾਹੀਂ ਧਰਤੀ ਵਿੱਚ ਪਾ ਰਹੀ ਹੈ, ਜਿਸ ਨਾਲ ਨੇੜਲੇ ਪਿੰਡਾਂ ਦਾ ਪੀਣ ਵਾਲਾ ਪਾਣੀ ਦੂਸ਼ਿਤ ਹੋ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਕੁਝ ਫੈਕਟਰੀਆਂ ਵੱਲੋਂ ਨੇੜਲੀ ਨਦੀ ਵਿੱਚ ਸੁੱਟੇ ਜਾ ਰਹੇ ਪ੍ਰਦੂਸ਼ਿਤ ਪਾਣੀ ਕਾਰਨ ਨਦੀ ਵਿੱਚੋਂ ਬਦਬੂ ਆਉਂਦੀ ਰਹਿੰਦੀ ਹੈ ਅਤੇ ਨਦੀ ਦੇ ਨੇੜੇ ਵਸੇ ਪਿੰਡਾਂ ਦੇ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਫੈਕਟਰੀਆਂ ਵਿੱਚ ਲੋਕਲ ਲੋਕਾਂ ਨੂੰ ਦਰਕਿਨਾਰ ਕਰਕੇ ਬਾਹਰਲੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਦੂਸ਼ਣ ਵਿਭਾਗ ਨੂੰ ਫੈਕਟਰੀਆਂ ਦੇ ਪ੍ਰਦੂਸ਼ਣ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਲਈ ਠੋਸ ਯਤਨ ਨਹੀਂ ਕਰ ਰਿਹਾ। ਲੋਕਾਂ ਨੇ ਮੰਗ ਕੀਤੀ ਕਿ ਫੈਕਟਰੀਆਂ ਦੇ ਪ੍ਰਦੂਸ਼ਣ ਨੂੰ ਤੁਰੰਤ ਬੰਦ ਕੀਤਾ ਜਾਵੇ, ਲੋਕਲ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਤੇ ਸਥਾਨਕ ਟਰੱਕ ਮਾਲਕਾਂ ਨੂੰ ਸਾਮਾਨ ਦੀ ਢੋਆ-ਢੁਆਈ ਲਈ ਪਹਿਲ ਦਿੱਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇੱਕ ਹਫਤੇ ਦੇ ਅੰਦਰ ਜ਼ਿਲ੍ਹਾ ਪ੍ਰਸਾਸ਼ਨ ਨੇ ਕਾਰਵਾਈ ਨਾ ਕੀਤੀ ਤਾਂ ਵੱਡੇ ਪੱਧਰ ’ਤੇ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।
ਸ਼ਿਕਾਇਤ ਮਿਲਣ ’ਤੇ ਕਾਰਵਾਈ ਕੀਤੀ ਜਾਏਗੀ: ਐਕਸੀਅਨ
ਪ੍ਰਦੂਸ਼ਣ ਵਿਭਾਗ ਰੂਪਨਗਰ ਦੀ ਐਕਸੀਅਨ ਕਮਲਜੀਤ ਕੌਰ ਨਾਲ ਜਦੋਂ ਇਸ ਮਾਮਲੇ ਸਬੰਧੀ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਬੰਨ੍ਹਮਾਜਰਾ ਨੇੜਲੀਆਂ ਫੈਕਟਰੀਆਂ ਦੇ ਪ੍ਰਦੂਸ਼ਣ ਸਬੰਧੀ ਅਜੇ ਤੱਕ ਉਨ੍ਹਾਂ ਨੂੰ ਕੋਈ ਲਿਖਤੀ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਮਿਲਣ ਮਗਰੋਂ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।