ਪੱਤਰ ਪ੍ਰੇਰਕ
ਤਲਵਾੜਾ, 11 ਜੁਲਾਈ
ਇੱਥੇ ਸਥਿਤ ਪੌਂਗ ਡੈਮ ’ਚ ਪਾਣੀ ਦਾ ਪੱਧਰ 1360 ਫੁੱਟ ਤੱਕ ਪਹੁੰਚ ਗਿਆ ਹੈ ਜਦਕਿ ਪੌਂਗ ਡੈਮ ਦੀ ਕੁੱਲ ਸਮਰਥਾ 1390 ਫੁੱਟ ਹੈ। ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ’ਚ ਪਾਣੀ ਦੀ ਆਮਦ 83 ਹਜ਼ਾਰ ਕਿਊਸਿਕ ਹੈ। ਬੀਬੀਐੱਮਬੀ ਅਧਿਕਾਰੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸ਼ਾਮ 6 ਵਜੇ ਤੱਕ ਪੌਂਗ ਡੈਮ ’ਚ ਪਾਣੀ ਦਾ ਪੱਧਰ 1360.84 ਫੁੱਟ ਦਰਜ ਕੀਤਾ ਗਿਆ ਹੈ। ਡੈਮ ਦੀ ਝੀਲ ’ਚ ਪਾਣੀ ਦੀ ਆਮਦ ਘੱਟ ਕੇ 83,912 ਕਿਊਸਿਕ ਰਹਿ ਗਈ ਹੈ। ਮੌਜੂਦਾ ਸਮੇਂ ਡੈਮ ’ਚੋਂ ਪਾਣੀ ਛੱਡਿਆ ਨਹੀਂ ਜਾ ਰਿਹਾ ਪਰ ਮੌਸਮ ਵਿਭਾਗ ਵੱਲੋਂ 13 ਅਤੇ 14 ਤਾਰੀਕ ਨੂੰ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ ਹੈ। ਭਾਖੜਾ ਬਿਆਸ ਪ੍ਰਬੰਧਕ ਬੋਰਡ ਨੇ ਬੁੱਧਵਾਰ ਨੂੰ ਟਰਬਾਈਨਾਂ ਰਾਹੀਂ 15 ਤੋਂ 20 ਹਜ਼ਾਰ ਕਿਊਸਿਕ ਪਾਣੀ ਛੱਡਣ ਦਾ ਫੈਸਲਾ ਕੀਤਾ ਹੈ। ਬੋਰਡ ਵੱਲੋਂ ਇਸ ਦੀ ਅਗਾਊਂ ਲਿਖਤੀ ਜਾਣਕਾਰੀ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਸਬੰਧਤ ਅਧਿਕਾਰੀਆਂ ਨੂੰ ਭੇਜੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਪਾਣੀ ਭਰ ਗਿਆ ਸੀ। ਬੀਬੀਐੱਮਬੀ ਨੇ ਪੌਂਗ ਡੈਮ ਵਿੱਚੋਂ ਪਾਣੀ ਦੀ ਪੂਰਨ ਨਿਕਾਸੀ ਬੰਦ ਕਰ ਦਿੱਤੀ ਸੀ ਪਰ ਸੰਭਾਵੀ ਭਾਰੀ ਮੀਂਹ ਦੇ ਮੱਦੇਨਜ਼ਰ ਡੈਮ ਪ੍ਰਸ਼ਾਸਨ ਨੇ ਹਾਲ ਦੀ ਘੜੀ ਪਾਵਰ ਹਾਊਸ ਚਲਾਉਣ ਦਾ ਫ਼ੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਪੌਂਗ ਡੈਮ ਦੀ ਕੁੱਲ ਸਮਰਥਾ 1390 ਫੁੱਟ ਹੈੈ।