ਸੰਜੀਵ ਬੱਬੀ
ਚਮਕੌਰ ਸਾਹਿਬ, 7 ਜੁਲਾਈ
ਬੀਤੇ ਦਿਨੀਂ ਪਏ ਭਾਰੀ ਮੀਂਹ ਕਾਰਨ ਇੱਥੇ ਨਹਿਰ ਸਰਹਿੰਦ ਦੇ ਪੁਲ ਥੱਲੇ ਬੂਟੀ ਫਸਣ ਕਾਰਨ ਅੱਜ ਨਹਿਰੀ ਵਿਭਾਗ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ, ਕਿਉਂਕਿ ਇਨ੍ਹਾਂ ਝਾੜੀਆਂ (ਬੂਟੀ) ਕਾਰਨ ਪੁਲ ਦੇ ਹੇਠੋਂ ਪਾਣੀ ਦਾ ਲਾਂਘਾ ਬਿਲਕੁਲ ਸੁਸਤ ਰਫਤਾਰ ਹੋ ਗਿਆ ਤੇ ਨਹਿਰ ਵਿਚ ਪਾਣੀ ਵੀ ਇਕੱਠਾ ਹੋਣਾ ਸ਼ੁਰੂ ਹੋ ਗਿਆ।
ਦੱਸਣਯੋਗ ਹੈ ਕਿ ਇਹ ਝਾੜੀਆਂ (ਬੂਟੀ) ਪਿਛਲੇ ਦੋ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਨਹਿਰ ਵਿਚ ਆਈਆਂ ਹਨ ਅਤੇ ਪਹਾੜਾਂ ਵਿੱਚ ਵੀ ਰੋਜ਼ਾਨਾ ਪੈ ਰਹੇ ਮੀਂਹ ਦੇ ਕਾਰਨ ਇਹ ਝਾੜੀਆਂ ਪਾਣੀ ਦੇ ਤੇਜ਼ ਵਹਾਅ ਕਾਰਨ ਪੁਲ ਦੇ ਹੇਠਾਂ ਫਸ ਗਈਆਂ। ਇਨ੍ਹਾਂ ਫਸੀਆਂ ਝਾੜੀਆਂ ਨੂੰ ਕੱਢਣ ਲਈ ਅੱਜ ਸਵੇਰ ਤੋਂ ਹੀ ਨਹਿਰੀ ਵਿਭਾਗ ਦੇ ਅਧਿਕਾਰੀਆਂ ਵੱਲੋਂ 15-20 ਦਿਹਾੜੀਦਾਰ ਲਗਾਏ, ਜਿਹੜੇ ਬਾਸਾਂ ਅਤੇ ਡੰਡਿਆਂ ਨਾਲ ਪਾਣੀ ਦੀਆਂ ਰੋਕਾਂ ਨੂੰ ਦੂਰ ਕਰਦੇ ਰਹੇ ਪਰ ਪਾਣੀ ਵਿੱਚ ਹੋਰ ਝਾੜੀਆਂ ਫਸਦੀਆਂ ਰਹੀਆਂ। ਨਹਿਰੀ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਝਾੜੀਆਂ ਤੇ ਬੂਟੀ ਬਰਸਾਤੀ ਨਾਲਿਆਂ ਵਿੱਚ ਉੱਗਦੀ ਹੈ ਜੋ ਨਾਲਿਆਂ ਵਿੱਚ ਮੀਂਹ ਦੇ ਪਾਣੀ ਨਾਲ ਹੜ੍ਹ ਕੇ ਸਤਲੁਜ ਦਰਿਆ ਵਿੱਚ ਡਿੱਗਦੀ ਹੈ ਅਤੇ ਉੱਥੋਂ ਇਹ ਝਾੜੀਆਂ ਨਹਿਰ ਵਿਚ ਆ ਕੇ ਅਜਿਹੇ ਅੜਿੱਕੇ ਬਣਦੀਆਂ ਹਨ। ਦੂਜੇ ਪਾਸੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ ਨੇ ਕਿਹਾ ਕਿ ਨਹਿਰੀ ਵਿਭਾਗ ਨੂੰ ਬਰਸਾਤਾਂ ਤੋਂ ਪਹਿਲਾਂ ਕੋਈ ਠੋਸ ਬੰਦੋਬਸਤ ਕਰਨਾ ਚਾਹੀਦਾ ਹੈ ਤਾਂ ਜੋ ਹਰ ਸਾਲ ਬਰਸਾਤ ਦੇ ਦਿਨਾਂ ਵਿਚ ਇਹ ਝਾੜੀਆਂ ਨਹਿਰ ਦੇ ਪੁਲ ਥੱਲੇ ਬਣੇ ਬੀਮਾਂ ਵਿੱਚ ਨਾ ਫਸ ਸਕਣ।