ਜਗਤਾਰ ਸਿੰਘ ਲਾਂਬਾ/ਦਿਲਬਾਗ ਸਿੰਘ ਗਿੱਲ
ਅੰਮ੍ਰਿਤਸਰ/ਅਟਾਰੀ, 11 ਫਰਵਰੀ
ਅਟਾਰੀ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਉਮੀਦਵਾਰ ਭਗਵੰਤ ਮਾਨ ਵੱਲੋਂ ਕੱਢੇ ਜਾ ਰਹੇ ਰੋਡ ਸ਼ੋਅ ਦੌਰਾਨ ਅੱਜ ਉਨ੍ਹਾਂ ਦੀ ਅੱਖ ’ਤੇ ‘ਫੁੱਲ’ ਵੱਜਿਆ ਜਿਸ ਕਾਰਨ ਉਨ੍ਹਾਂ ਨੂੰ ਕੁਝ ਸਮੇਂ ਲਈ ਪ੍ਰਚਾਰ ਰੋਕਣਾ ਪਿਆ। ਭਗਵੰਤ ਮਾਨ ਆਪਣੀ ਕਾਰ ਦੀ ਛੱਤ ’ਤੇ ਖੜ੍ਹੇ ਸਨ ਤੇ ਲੋਕ ਫੁੱਲ ਬਰਸਾ ਰਹੇ ਸਨ। ਇਸ ਦੌਰਾਨ ਅਚਾਨਕ ਇਕ ਫੁੱਲ ਉਨ੍ਹਾਂ ਦੀ ਅੱਖ ’ਤੇ ਆਣ ਵੱਜਿਆ। ਉਨ੍ਹਾਂ ਤੁਰੰਤ ਅੱਖ ’ਤੇ ਹੱਥ ਰੱਖਿਆ ਅਤੇ ਕਾਰ ਵਿੱਚ ਹੇਠਾਂ ਬੈਠ ਗਏ। ਇਸ ਘਟਨਾ ਮਗਰੋਂ ਚਰਚਾ ਛਿੜ ਗਈ ਸੀ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਭਗਵੰਤ ਮਾਨ ’ਤੇ ਪੱਥਰ ਸੁੱਟਿਆ ਹੈ ਪਰ ‘ਆਪ’ ਆਗੂਆਂ ਨੇ ਇਸ ਨੂੰ ਨਕਾਰਿਆ। ‘ਆਪ’ ਦੇ ਸੂਬਾਈ ਮੀਡੀਆ ਕਮੇਟੀ ਦੇ ਮੈਂਬਰ ਗੁਰਭੇਜ ਸਿੰਘ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਸੀ, ਜਿਸ ਦੌਰਾਨ ਫੁੱਲ ਦਾ ਪਿਛਲਾ ਠੋਸ ਹਿੱਸਾ ਉਨ੍ਹਾਂ ਦੇ ਚਿਹਰੇ ’ਤੇ ਲੱਗ ਗਿਆ। ਭਗਵੰਤ ਮਾਨ ਨੇ ਅੱਜ ਇਥੇ ਅਟਾਰੀ ਹਲਕੇ ਵਿੱਚ ‘ਆਪ’ ਉਮੀਦਵਾਰ ਜਸਵਿੰਦਰ ਸਿੰਘ, ਰਾਜਾਸਾਂਸੀ ਹਲਕੇ ਵਿੱਚ ਬਲਦੇਵ ਸਿੰਘ, ਅਜਨਾਲਾ ਵਿੱਚ ਕੁਲਦੀਪ ਸਿੰਘ ਧਾਲੀਵਾਲ ਅਤੇ ਮਜੀਠਾ ਵਿੱਚ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਹੈ।
ਜੈਂਤੀਪੁਰ/ਅਜਨਾਲਾ (ਜਗਤਾਰ ਸਿੰਘ ਚਿੰਤ/ਸੁਖਦੇਵ ਸਿੰਘ): ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਮਾਨ ਨੇ ਅੱਜ ਹਲਕਾ ਮਜੀਠਾ ਤੋਂ ‘ਆਪ’ ਦੇ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਦੇ ਹੱਕ ਵਿੱਚ ਰੋਡ ਸ਼ੋਅ ਕੱਢਿਆ।
ਰਵਾਇਤੀ ਪਾਰਟੀਆਂ ਦਾ ਸਫ਼ਾਇਆ ਕਰਨਗੇ ਲੋਕ: ਭਗਵੰਤ ਮਾਨ
ਰਈਆ (ਦਵਿੰਦਰ ਸਿੰਘ ਭੰਗੂ): ਇੱਥੇ ਅੱਜ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਮਾਨ ਨੇ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਦਲਬੀਰ ਸਿੰਘ ਟੌਗ ਦੇ ਹੱਕ ਵਿੱਚ ਪ੍ਰਚਾਰ ਕਰਦਿਆਂ ਕਿਹਾ ਕਿ ਇਸ ਵਾਰ ਆਮ ਲੋਕ ਝਾੜੂ ਦਾ ਬਟਨ ਦਬਾ ਕੇ ਇਨ੍ਹਾਂ ਰਵਾਇਤੀ ਪਾਰਟੀਆਂ ਦਾ ਹਲਕੇ ਵਿੱਚੋਂ ਹੀ ਨਹੀਂ ਬਲਕਿ ਪੂਰੇ ਪੰਜਾਬ ਵਿੱਚੋਂ ਸਫ਼ਾਇਆ ਕਰਨਗੇ।