ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਅਕਤੂਬਰ
ਪੰਜਾਬ ਭਰ ’ਚ ਅੱਜ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਨੂੰ ਅਗਨ ਭੇਟ ਕਰਕੇ ਦਸਹਿਰੇ ਦਾ ਤਿਉਹਾਰ ਮਨਾਇਆ ਗਿਆ। ਸੂਰਜ ਛਿਪਣ ਦੇ ਨਾਲ ਹੀ ਬੁਰਾਈ ’ਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਇਸ ਤਿਉਹਾਰ ਨੂੰ ਮਨਾਉਣ ਲਈ ਛੋਟੇ ਤੇ ਵੱਡੇ ਸ਼ਹਿਰਾਂ ’ਚ ਲੱਖਾਂ ਦੀ ਗਿਣਤੀ ਵਿੱਚ ਲੋਕ ਹੁੰਮ-ਹੁਮਾ ਕੇ ਪੁੱਜੇ। ਦਸਹਿਰੇ ਮੌਕੇ ਅੱਜ ਬਾਜ਼ਾਰਾਂ ਵਿਚ ਵੀ ਰੌਣਕਾਂ ਵੇਖਣ ਨੂੰ ਮਿਲੀਆਂ।
‘ਆਪ’ ਸਰਕਾਰ ਦੇ ਕਾਰਜਕਾਲ ਦਾ ਇਹ ਪਹਿਲਾ ਦਸਹਿਰੇ ਦਾ ਤਿਉਹਾਰ ਸੀ ਅਤੇ ਤਿਉਹਾਰ ਮੌਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦਸਹਿਰੇ ਦੇ ਤਿਉਹਾਰ ਮੌਕੇ ਮੁਹਾਲੀ ਦੇ ਦਸਹਿਰਾ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕੀਤੀ। ਕੈਬਨਿਟ ਵਜ਼ੀਰ ਆਪੋ ਆਪਣੇ ਜ਼ਿਲ੍ਹਿਆਂ ਵਿੱਚ ਇਸ ਤਿਉਹਾਰ ਮੌਕੇ ਸਮਾਗਮਾਂ ਵਿਚ ਸ਼ਾਮਲ ਹੋਏ। ਪਿਛਲੇ ਦੋ ਵਰ੍ਹਿਆਂ ਦੌਰਾਨ ਕਰੋਨਾ ਮਹਾਮਾਰੀ ਦਾ ਪਰਛਾਵਾਂ ਵੀ ਇਸ ਤਿਉਹਾਰ ’ਤੇ ਪਿਆ ਸੀ। ਐਤਕੀਂ ਪੰਜਾਬ ਵਿੱਚ ਵਾਢੀ ਦਾ ਕੰਮ ਵੀ ਲੇਟ ਸ਼ੁਰੂ ਹੋਣਾ ਹੈ ਜਿਸ ਕਰਕੇ ਪੇਂਡੂ ਖੇਤਰਾਂ ਦੇ ਲੋਕਾਂ ਨੇ ਵੀ ਦਸਹਿਰਾ ਸਮਾਗਮਾਂ ਵਿਚ ਸ਼ਮੂਲੀਅਤ ਕੀਤੀ ਹੈ। ਅਜਨਾਲਾ ਵਿੱਚ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੁਤਲਿਆਂ ਨੂੰ ਅਗਨ ਭੇਟ ਕਰਨ ਦੀ ਰਸਮ ਅਦਾ ਕੀਤੀ ਜਦੋਂ ਕਿ ਉਚੇਰੀ ਸਿੱਖਿਆ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਬਰਨਾਲਾ ਵਿੱਚ ਰਸਮ ਨਿਭਾਈ। ਪੰਜਾਬ ਦੇ ਲੁਧਿਆਣਾ, ਪਟਿਆਲਾ, ਹੁਸ਼ਿਆਰਪੁਰ, ਜਲੰਧਰ, ਅੰਮ੍ਰਿਤਸਰ, ਪਠਾਨਕੋਟ, ਮੁਕਤਸਰ, ਮੋਗਾ, ਫਰੀਦਕੋਟ, ਫਿਰੋਜ਼ਪੁਰ, ਬਰਨਾਲਾ, ਸੰਗਰੂਰ, ਫ਼ਾਜ਼ਿਲਕਾ, ਤਰਨ ਤਾਰਨ, ਗੁਰਦਾਸਪੁਰ, ਨਵਾਂ ਸ਼ਹਿਰ, ਬਠਿੰਡਾ, ਮਾਨਸਾ ਆਦਿ ਵਿਚ ਦਸਹਿਰਾ ਕਮੇਟੀਆਂ ਵੱਲੋਂ ਸਭ ਤੋਂ ਵੱਡੇ ਰਾਵਣ ਬਣਾਏ ਗਏ ਸਨ। ਇਨ੍ਹਾਂ ਸਮਾਗਮਾਂ ਵਿਚ ਐਤਕੀਂ ‘ਆਪ’ ਆਗੂਆਂ ਦੀ ਅਗਵਾਈ ਰਹੀ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੰਮ੍ਰਿਤਸਰ ਵਿਖੇ ਦਸਹਿਰਾ ਸਮਾਗਮਾਂ ਵਿਚ ਹਿੱਸਾ ਲਿਆ ਜਦੋਂਕਿ ਭਾਜਪਾ ਆਗੂਆਂ ਨੇ ਮਾਝੇ ਤੇ ਦੋਆਬੇ ਦੇ ਸ਼ਹਿਰਾਂ ਦੇ ਮੁੱਖ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕੀਤੀ। ਛੋਟੇ ਸ਼ਹਿਰਾਂ ਵਿਚ ਵੀ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਅਗਨ ਭੇਟ ਕੀਤੇ ਗਏ। ਕਰੀਬ ਛੇ ਵਜੇ ਪਿੱਛੋਂ ਹੀ ਇਨ੍ਹਾਂ ਪੁਤਲਿਆਂ ਨੂੰ ਸੁਆਹ ਕੀਤਾ ਗਿਆ। ਬਹੁਤੇ ਥਾਵਾਂ ’ਤੇ ਮਹਿੰਗਾਈ ਦੀ ਮਾਰ ਪੈਣ ਕਰਕੇ ਪੁਤਲਿਆਂ ਦਾ ਆਕਾਰ ਵੀ ਕਾਫ਼ੀ ਛੋਟਾ ਰੱਖਿਆ ਹੋਇਆ ਸੀ।