ਦਲਬੀਰ ਸੱਖੋਵਾਲੀਆ
ਬਟਾਲਾ, 2 ਅਗਸਤ
ਇਥੇ ਜ਼ਹਿਰੀਲੀ ਸ਼ਰਾਬ ਨੇ 11 ਜਾਨਾਂ ਲੈ ਲਈਆਂ ਹਨ। ਮ੍ਰਿਤਕਾਂ ਵਿੱਚ ਜ਼ਿਆਦਾਤਰ ਗਰੀਬ ਪਰਿਵਾਰਾਂ ਨਾਲ ਸਬੰਧਤ ਵਿਅਕਤੀ ਸ਼ਾਮਲ ਹਨ। ਇਨ੍ਹਾਂ ਵਿੱਚ ਉਹ ਵੀ ਨੇ ਜੋ ਮਿਹਨਤ ਕਰ ਕੇ ਆਪਣੇ ਪਰਿਵਾਰਾਂ ਲਈ ਦੋ ਡੰਗ ਦੀ ਰੋਟੀ ਦਾ ਹੀਲਾ ਕਰਦੇ ਸਨ। ਜ਼ਹਿਰੀਲੀ ਸ਼ਰਾਬ ਕਾਰਨ ਉਨ੍ਹਾਂ ਦੀ ਹੋਈ ਮੌਤ ਨੇ ਪੀੜਤ ਔਰਤਾਂ ਦੀ ਚਿੰਤਾ ਵਧਾ ਦਿੱਤੀ ਹੈ ਕਿ ਉਹ ਹੁਣ ਪਰਿਵਾਰ ਦਾ ਗੁਜ਼ਾਰਾ ਕਿਸ ਤਰ੍ਹਾਂ ਚਲਾਉਣਗੀਆਂ।
ਸਥਾਨਕ ਹਾਥੀ ਗੇਟ ਖੇਤਰ ਦਾ ਦੌਰਾ ਕਰਨ ਮਗਰੋਂ ਪਤਾ ਲੱਗਿਆ ਕਿ ਇੱਥੋਂ ਦੇ ਬਿੱਲਾ, ਬਿੱਟੂ, ਤੋਤੀ, ਸੁਰਿੰਦਰ, ਬੂਟਾ ਰਾਮ ਤੇ ਭੁਪਿੰਦਰ ਆਪਣੇ ਪਰਿਵਾਰਾਂ ਦੇ ਮੁਖੀ ਸਨ, ਜੋ ਦਿਨ ਭਰ ਮਿਹਨਤ ਕਰ ਕੇ ਸਾਰੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਸਨ। ਮ੍ਰਿਤਕ ਸੁਰਿੰਦਰ ਦੇ ਪਿਤਾ ਸੁਖਦੇਵ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਸੁਰਿੰਦਰ ਦੀ ਪਤਨੀ ਦੀ ਮੌਤ ਹੋ ਗਈ ਸੀ ਤੇ ਸੁਰਿੰਦਰ ਨੇ ਕਰਜ਼ਾ ਚੁੱਕ ਕੇ ਉਸ ਦਾ ਇਲਾਜ ਕਰਵਾਇਆ ਸੀ, ਪਰ ਇਸ ਦੇ ਬਾਵਜੂਦ ਉਹ ਬਚ ਨਾ ਸਕੀ, ਜਿਸ ਕਾਰਨ ਉਹ ਸ਼ਰਾਬ ਪੀਣ ਲੱਗ ਗਿਆ। ਉਨ੍ਹਾਂ ਦੱਸਿਆ ਕਿ ਘਟਨਾ ਵਾਲੇ ਦਿਨ ਸਵੇਰੇ ਹੀ ਉਸ ਨੇ ਸ਼ਰਾਬ ਪੀਣ ਬਾਰੇ ਦੱਸਿਆ ਤੇ ਉਲਟੀਆਂ ਕਰਨ ਲੱਗ ਗਿਆ। ਸੁਰਿੰਦਰ ਨੂੰ ਪਹਿਲਾਂ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਪਹਿਲਾਂ ਹੀ ਮੋਟੀ ਰਕਮ ਜਮ੍ਹਾਂ ਕਰਵਾਉਣ ਦੀ ਗੱਲ ਆਖੀ ਅਤੇ ਸ਼ਾਮ ਨੂੰ ਉਸ ਨੇ ਦਮ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਜ਼ਿੰਦਗੀ ਦੇ ਇਸ ਪੜਾਅ ਵਿੱਚ ਉਸ ਨੂੰ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੀ ਚਿੰਤਾ ਸਤਾ ਰਹੀ ਹੈ। ਇਸੇ ਤਰ੍ਹਾਂ ਸਬਜ਼ੀ ਵਿਕਰੇਤਾ ਤੋਤੀ ਵੀ ਦਿਨ ਭਰ ਗਲੀਆਂ ਮੁਹੱਲਿਆਂ ਵਿੱਚ ਸਬਜ਼ੀ ਵੇਚ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਮ੍ਰਿਤਕ ਭੁਪਿੰਦਰ (24) ਰਿਕਸ਼ਾ ਚਾਲਕ ਦੀ ਪਤਨੀ ਨੇ ਦੱਸਿਆ ਕਿ ਭੁਪਿੰਦਰ ਕੁਝ ਸਾਲ ਪਹਿਲਾਂ ਮੁਹੱਲੇ ’ਚ ਮਾੜੀ ਸੰਗਤ ਦਾ ਸ਼ਿਕਾਰ ਹੋ ਕੇ ਸ਼ਰਾਬ ਪੀਣ ਲੱਗ ਗਿਆ ਸੀ। ਇਹੋ ਜਿਹੀ ਕਹਾਣੀ ਇਸੇ ਗਲੀ ਦੇ ਮ੍ਰਿਤਕ ਤਰਸੇਮ ਲਾਲ ਦੇ ਪਰਿਵਾਰ ਦੀ ਹੈ।
ਕਸੂਤਾ ਫਸੇ ਗੁਲਜ਼ਾਰ ਸਿੰਘ ਰਣੀਕੇ
ਇਥੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਉਸ ਵੇਲੇ ਕਸੂਤੇ ਫਸ ਗਏ, ਜਦੋਂ ਉਨ੍ਹਾਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਸੂਬੇ ਵਿੱਚ 86 ਮੌਤਾਂ ਹੋਣ ’ਤੇ ਕਾਂਗਰਸ ਸਰਕਾਰ ਨੂੰ ਘੇਰਨ ਦੇ ਯਤਨ ਵਜੋਂ ਮੰਗ ਕੀਤੀ ਕਿ ਪ੍ਰਤੀ ਪੀੜਤ ਪਰਿਵਾਰ 25-25 ਲੱਖ ਰੁਪਏ ਅਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਦੌਰਾਨ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਅਪਰੈਲ 2014 ਵਿੱਚ ਬਟਾਲਾ ਨੇੜਲੇ ਪਿੰਡ ਬਾਲੇਵਾਲ, ਜੌਹਲ ਨੰਗਲ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 18 ਲੋਕਾਂ ਦੇ ਮਰਨ ’ਤੇ ਤਤਕਾਲੀ ਸਰਕਾਰ ਵੱਲੋਂ ਪ੍ਰਤੀ ਪਰਿਵਾਰ 5-5 ਲੱਖ ਰੁਪਏ ਦੇਣ ਦੇ ਵਾਅਦੇ ਨੂੰ ਪੂਰਾ ਕਿਉਂ ਨਹੀਂ ਕੀਤਾ ਗਿਆ ਤਾਂ ਸ੍ਰੀ ਰਣੀਕੇ ਨੇ ਕਿਹਾ ਕਿ ਉਹ ਅਜਿਹੇ ਮੌਕੇ ਕੋਈ ਰਾਜਸੀ ਗੱਲ ਨਹੀਂ ਕਰਨਗੇ।
ਤਤਕਾਲੀ ਐੱਸਐੱਸਪੀ ਤੋਂ ਜਵਾਬ ਤਲਬ ਕਰਨ ਦੀ ਮੰਗ
ਕਾਂਗਰਸ ਸਣੇ ਹੋਰ ਰਾਜਸੀ ਪਾਰਟੀ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਤਿੰਨ ਸਾਲ ਤੱਕ ਜ਼ਿਲ੍ਹਾ ਬਟਾਲਾ ਵਿੱਚ ਐੱਸਐੱਸਪੀ ਰਹੇ ਅਧਿਕਾਰੀ ਤੋਂ ਜਵਾਬ ਤਲਬ ਕੀਤਾ ਜਾਣਾ ਚਾਹੀਦਾ ਹੈ ਕਿ ਸਨਅਤੀ ਸ਼ਹਿਰ ਵਿੱਚ ਨਸ਼ਾ ਕਿਸ ਤਰ੍ਹਾਂ ਵਧਿਆ। ਕਾਂਗਰਸ ਦੇ ਸਾਬਕਾ ਮੰਤਰੀ ਅਸ਼ਵਨੀ ਸੇਖੜੀ, ਅਕਾਲੀ ਦਲ (ਟਕਸਾਲੀ) ਦੇ ਸੂਬਾਈ ਆਗੂ ਜਥੇਦਾਰ ਸੇਵਾ ਸਿੰਘ ਸੇਖਵਾਂ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸ਼ਹਿਰੀ ਪ੍ਰਧਾਨ ਬਲਬੀਰ ਸਿੰਘ ਬਿੱਟੂ ਨੇ ਕਿਹਾ ਕਿ ਬਟਾਲਾ ਦੇ ਐੱਸਐੱਸਪੀ ਦਾ ਦੋ ਦਿਨ ਪਹਿਲਾਂ ਹੀ ਤਬਾਦਲਾ ਹੋਇਆ ਹੈ, ਪਰ ਉਸ ਤੋਂ ਪਹਿਲਾਂ ਇਸ ਨਗਰ ਵਿੱਚ ਸ਼ਰਾਬ ਸਣੇ ਹੋਰ ਨਸ਼ਿਆਂ ਦਾ ਕਾਰੋਬਾਰ ਖਾਸਾ ਪ੍ਰਫੁੱਲਿਤ ਹੋਇਆ। ਜ਼ਿਕਰਯੋਗ ਹੈ ਕਿ ਬਟਾਲਾ ਵਿੱਚ ਐੱਸਐੱਸਪੀ ਰਛਪਾਲ ਸਿੰਘ ਨੇ ਦੋ ਦਿਨ ਪਹਿਲਾਂ ਹੀ ਅਹੁਦਾ ਸੰਭਾਲਿਆ ਹੈ, ਜਦੋਂ ਕਿ ਉਪਿੰਦਰਜੀਤ ਸਿੰਘ ਘੁੰਮਣ ਇੱਥੇ ਤਿੰਨ ਸਾਲ ਤੱਕ ਐੱਸਐੱਸਪੀ ਰਹੇ ਹਨ।