ਗਗਨਦੀਪ ਅਰੋੜਾ
ਲੁਧਿਆਣਾ, 25 ਨਵੰਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਕਰੀਬੀ ਟਰਾਂਸਪੋਰਟਰ ਤੇ ਕੇਬਲ ਕਾਰੋਬਾਰੀ ਗੁਰਦੀਪ ਸਿੰਘ ਜੁਝਾਰ ਦੇ ਠਿਕਾਣਿਆਂ ’ਤੇ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਛਾਪੇ ਮਾਰੇ। ਸਵੇਰ ਤੋਂ ਉਨ੍ਹਾਂ ਦੇ ਦਫ਼ਤਰ ਤੇ ਘਰ ’ਚ ਈਡੀ ਦੇ ਅਫ਼ਸਰ ਛਾਣਬੀਣ ਕਰਨ ਲੱਗੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਭਰ ’ਚ ਈਡੀ ਨੇ 8 ਥਾਵਾਂ ’ਤੇ ਛਾਪੇ ਮਾਰੇ ਹਨ। ਜ਼ਿਕਰਯੋਗ ਹੈ ਕਿ ਬੀਤੇ ਇੱਕ ਹਫ਼ਤੇ ਦੌਰਾਨ ਸੁਖਬੀਰ ਬਾਦਲ ਦੇ ਕਰੀਬੀ ਮਨਪ੍ਰੀਤ ਸਿੰਘ ਇਆਲੀ ਤੋਂ ਬਾਅਦ ਦੂਸਰੇ ਵਿਅਕਤੀ ਦੇ ਖ਼ਿਲਾਫ਼ ਕੇਂਦਰ ਜਾਂਚ ਏਜੰਸੀ ਨੇ ਕਾਰਵਾਈ ਕੀਤੀ ਹੈ। ਬੀਤੇ ਕੁਝ ਦਿਨਾਂ ਤੋਂ ਫਾਸਟਵੇਅ ਕੇਬਲ ਖਿਲਾਫ਼ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੋਰਚਾ ਖੋਲ੍ਹਿਆ ਹੋਇਆ ਹੈ। ਉਹ ਵਾਰ ਵਾਰ ਕੇਬਲ ਮਾਫ਼ੀਆ ਖ਼ਤਮ ਕਰਨ ਦੀ ਗੱਲ ਕਰ ਰਹੇ ਹਨ। ਬੀਤੇ ਦਿਨੀਂ ਉਨ੍ਹਾਂ ਲੁਧਿਆਣਾ ’ਚ ਕੇਬਲ ਚਾਰਜ ਪ੍ਰਤੀ ਮਹੀਨੇ 100 ਰੁਪਏ ਕਰਨ ਦਾ ਐਲਾਨ ਕੀਤਾ ਸੀ। ਈਡੀ ਹੁਣ ਤੱਕ ਹੋਏ ਲੈਣ ਦੇਣ ਦੇ ਰਿਕਾਰਡ ਘੋਖ ਕਰ ਰਹੀ ਹੈ। ਜਿੱਥੇ ਵੀ ਈਡੀ ਅਫ਼ਸਰ ਜਾਂਚ ਕਰ ਰਹੇ ਹਨ, ਉਥੋਂ ਕਿਸੇ ਨੂੰ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ।
ਕੈਪਟਨ ਨੇ ਮੇਰੀ ਯੋਜਨਾ ’ਤੇ ਅਮਲ ਨਹੀਂ ਕੀਤਾ: ਸਿੱਧੂ
ਫਾਸਟਵੇਅ ਕੇਬਲ ਨੈਟਵਰਕ ’ਤੇ ਵੀਰਵਾਰ ਨੂੰ ਈਡੀ ਦੇ ਛਾਪਿਆਂ ਤੋਂ ਬਾਅਦ ਕਾਂਗਰਸ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤੇ। ਕਾਂਗਰਸੀ ਪ੍ਰਧਾਨ ਸਿੱਧੂ ਦਾ ਕਹਿਣਾ ਹੈ ਕਿ ਜਦੋਂ ਤੱਕ ਫਾਸਟਵੇਅ ’ਤੇ ਕਾਰਵਾਈ ਨਹੀਂ ਹੋਵੇਗੀ, ਉਦੋਂ ਤੱਕ ਪੰਜਾਬ ਦੇ ਲੋਕਾਂ ਨੂੰ ਸਸਤੀ ਕੇਬਲ ਨਹੀਂ ਦਿੱਤੀ ਜਾ ਸਕਦੀ। ਬਾਦਲ ਸਰਕਾਰ ਨੇ ਫਾਸਟਵੇਅ ਨੂੰ ਪੰਜਾਬ ਦਾ ਕਬਜ਼ਾ ਦਿੱਤਾ ਸੀ। ਇਸ ਕਬਜ਼ੇ ਨੂੰ ਤੋੜਨ ਲਈ ਉਨ੍ਹਾਂ ਨੇ ਕੈਪਟਨ ਸਰਕਾਰ ਨੂੰ ਇੱਕ ਯੋਜਨਾ ਤਿਆਰ ਕਰਕੇ ਦਿੱਤੀ ਸੀ, ਪਰ ਉਸ ’ਤੇ ਕਾਰਵਾਈ ਨਹੀਂ ਹੋਈ। ਜੇਕਰ ਇਸ ਯੋਜਨਾ ਨੂੰ ਸਰਕਾਰ ਲਾਗੂ ਕਰਦੀ ਤਾਂ ਇੱਕ ਹਜ਼ਾਰ ਕਰੋੜ ਰੁਪਏ ਰਿਕਵਰੀ ਫਾਸਟਵੇਅ ਤੋਂ ਹੋਣੀ ਸੀ।