ਨਵੀਂ ਦਿੱਲੀ, 7 ਜੂਨ
ਘਰ ਖ਼ਰੀਦਦਾਰਾਂ ਨਾਲ ਕਥਿਤ ਧੋਖਾਧੜੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਨੇ ਪੰਜਾਬ ਦੇ ਰੀਅਲ ਅਸਟੇਟ ਸਮੂਹ ਖ਼ਿਲਾਫ਼ ਹਾਲ ਹੀ ਵਿੱਚ ਮਾਰੇ ਛਾਪਿਆਂ ਦੌਰਾਨ ਔਡੀ ਕਾਰ, 85 ਲੱਖ ਰੁਪਏ ਤੇ ਕਈ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਏਜੰਸੀ ਨੇ ਬਿਆਨ ਜਾਰੀ ਕਰਕੇ ਕਿਹਾ ਕਿ 3 ਜੂਨ ਨੂੰ ਚੰਡੀਗੜ੍ਹ, ਅੰਬਾਲਾ, ਪੰਚਕੂਲਾ, ਮੁਹਾਲੀ ਅਤੇ ਦਿੱਲੀ ਵਿਚ 19 ਸਥਾਨਾਂ ‘ਤੇ ਗੁਪਤਾ ਬਿਲਡਰਜ਼ ਐਂਡ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ ਅਤੇ ਇਸ ਦੇ ਡਾਇਰੈਕਟਰਾਂ ਸਤੀਸ਼ ਗੁਪਤਾ ਅਤੇ ਪ੍ਰਦੀਪ ਗੁਪਤਾ ਤੋਂ ਇਲਾਵਾ ਗਰੁੱਪ ਐਸੋਸੀਏਟਸ ਬਾਜਵਾ ਡਿਵੈਲਪਰਜ਼ ਲਿਮਟਿਡ, ਕੁਮਾਰ ਬਿਲਡਰਜ਼, ਵਿਨਮੇਹਤਾ ਫਿਲਮਜ਼ ਪ੍ਰਾਈਵੇਟ ਲਿਮਟਿਡ ਅਤੇ ਇਸ ਦੇ ਡਾਇਰੈਕਟਰਾਂ ਜਰਨੈਲ ਸਿੰਘ ਬਾਜਵਾ, ਨਵਰਾਜ ਮਿੱਤਲ ਅਤੇ ਵਿਸ਼ਾਲ ਗਰਗ ‘ਤੇ ਛਾਪੇਮਾਰੀ ਕੀਤੀ ਗਈ। ਪੰਜਾਬ ਪੁਲੀਸ ਨੇ ਮੁਲਜ਼ਮਾਂ ਵਿਰੁੱਧ ਐੱਫਆਈਆਰ ਦਰਜ ਕੀਤੀ ਸੀ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਉਨ੍ਹਾਂ ਨੇ ਵੱਖ-ਵੱਖ ਵਿਅਕਤੀਆਂ ਨਾਲ ਮਿਲੀਭੁਗਤ ਕਰਕੇ ਨਾ ਤਾਂ ਫਲੈਟ, ਪਲਾਟ, ਵਪਾਰਕ ਯੂਨਿਟ ਦਿੱਤੇ ਅਤੇ ਨਾ ਹੀ ਘਰ ਖਰੀਦਦਾਰਾਂ/ਨਿਵੇਸ਼ਕਾਂ ਨੂੰ 325 ਕਰੋੜ ਰੁਪਏ ਵਾਪਸ ਕੀਤੇ।