ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 18 ਅਪਰੈਲ
ਸਿੱਖਿਆ ਵਿਭਾਗ ਵੱਲੋਂ ਪਹਿਲੀ ਜਮਾਤ ਦੇ ਵਿਦਿਆਰਥੀਆਂ ਨੂੰ ਸਕੂਲੀ ਸਿੱਖਿਆ ਗ੍ਰਹਿਣ ਕਰਨ ਦੇ ਯੋਗ ਬਣਾਉਣ ਲਈ ਤਿੰਨ ਮਹੀਨਿਆਂ ਦਾ ਵਿੱਦਿਆ ਪ੍ਰਵੇਸ਼ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ। ਡੀਜੀਐੱਸਈ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਦੌਰਾਨ ਸਕੂਲਾਂ ਵਿੱਚ ਬੱਚਿਆਂ ਦਾ ਦਾਖ਼ਲਾ ਤਾਂ ਹੁੰਦਾ ਰਿਹਾ ਹੈ ਪਰ ਉਨ੍ਹਾਂ ਨੂੰ ਲਗਾਤਾਰ ਕੋਵਿਡ-19 ਦੀਆਂ ਬੰਦਿਸ਼ਾਂ ਕਾਰਨ ਕਲਾਸ ਰੂਮ ਦਾ ਵਾਤਾਵਰਨ ਨਹੀਂ ਮਿਲ ਸਕਿਆ। ਇਸ ਕਾਰਨ ਇਨ੍ਹਾਂ ਬੱਚਿਆਂ ਦਾ ਸਕੂਲੀ ਸਿੱਖਿਆ ਪ੍ਰਾਪਤੀ ਦਾ ਆਧਾਰ ਕਮਜ਼ੋਰ ਰਹਿਣ ਦੇ ਜ਼ਿਆਦਾ ਖਦਸ਼ੇ ਜ਼ਾਹਰ ਕੀਤੇ ਜਾ ਸਕਦੇ ਹਨ।
ਛੋਟੇ ਬੱਚਿਆਂ ਦੇ ਸਾਖ਼ਰਤਾ ਅਤੇ ਸੰਖਿਆ ਗਿਆਨ ਦੇ ਆਧਾਰ ਨੂੰ ਮਜ਼ਬੂਤੀ ਦੇਣ ਲਈ ਤਿੰਨ ਮਹੀਨਿਆਂ ਦਾ ਵਿੱਦਿਆ ਪ੍ਰਵੇਸ਼ ਪ੍ਰੋਗਰਾਮ ਪ੍ਰਭਾਵਸ਼ਾਲੀ ਸਿੱਧ ਹੋਵੇਗਾ। ਪੰਜਾਬ ਰਾਜ ਸਿੱਖਿਆ ਖੋਜ ਤੇ ਸਿਖਲਾਈ ਪਰਿਸ਼ਦ ਦੇ ਡਾਇਰੈਕਟਰ ਡਾ. ਮਨਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਇਸ ਵਿੱਚ ਬੱਚਿਆਂ ਨੂੰ ਖੇਡ ਵਿਧੀ ਰਾਹੀਂ ਉਨ੍ਹਾਂ ਦਾ ਬੌਧਿਕ, ਮਾਨਸਿਕ, ਸਰੀਰਕ, ਰਚਨਾਤਮਕ, ਸਮਾਜਿਕ ਅਤੇ ਭਾਈਚਾਰਕ ਸਾਂਝ ਦਾ ਵਿਕਾਸ ਕਰਦਿਆਂ ਸਿੱਖਿਆ ਗ੍ਰਹਿਣ ਕਰਨ ਲਈ, ਉਨ੍ਹਾਂ ਦਾ ਆਧਾਰ ਮਜ਼ਬੂਤ ਕੀਤਾ ਜਾਣਾ ਹੈ। ਇਸ ਲਈ ਪਹਿਲਾਂ ਸੂਬਾ ਪੱਧਰ ’ਤੇ ਸਟੇਟ ਰਿਸੋਰਸ ਪਰਸਨ ਵੱਲੋਂ ਜ਼ਿਲ੍ਹਾ ਤੇ ਬਲਾਕ ਰਿਸੋਰਸ ਪਰਸਨ ਨੂੰ ਤਿਆਰ ਕੀਤਾ ਜਾਣਾ ਹੈ। ਵਿੱਦਿਆ ਪ੍ਰਵੇਸ਼ ਪ੍ਰੋਗਰਾਮ ਦੇ ਸਟੇਟ ਕੋਆਰਡੀਨੇਟਰ ਡਾ. ਹਰਪਾਲ ਸਿੰਘ ਬਾਜਕ ਨੇ ਦੱਸਿਆ ਕਿ ਵਿਭਾਗ ਵੱਲੋਂ ਵਿਸ਼ੇਸ਼ ਤਕਨੀਕ ਦੀ ਵਰਤੋਂ ਕਰਦਿਆਂ ਇਨ੍ਹਾਂ ਬੱਚਿਆਂ ਦਾ ਬੇਸ ਲਾਈਨ, ਮਿੱਡ ਟੈਸਟ ਅਤੇ ਅੰਤਿਮ ਜਾਂਚ ਕੀਤੀ ਜਾਵੇਗੀ।