ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਸਤੰਬਰ
ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਇੱਥੇ ਪੰਜਾਬ ਭਵਨ ਵਿੱਚ ‘ਅੰਬੈਸਡਰ ਆਫ ਹੋਪ’ ਪ੍ਰੋਗਰਾਮ ਦੇ ਪੰਜ ਜ਼ਿਲ੍ਹਿਆਂ ਦੇ ਜੇਤੂਆਂ ਦਾ ਐਪਲ ਆਈਪੈਡ, ਲੈਪਟਾਪ ਤੇ ਐਂਡਰਾਇਡ ਟੈਬਲੈੱਟ ਨਾਲ ਸਨਮਾਨ ਕੀਤਾ। ਸੰਖੇਪ ਸਮਾਗਮ ਦੌਰਾਨ ਸਿੱਖਿਆ ਮੰਤਰੀ ਨੇ ਜ਼ਿਲ੍ਹਾ ਹੁਸ਼ਿਆਰਪੁਰ, ਫ਼ਤਹਿਗੜ੍ਹ ਸਾਹਿਬ, ਸ਼ਹੀਦ ਭਗਤ ਸਿੰਘ ਨਗਰ, ਰੂਪਨਗਰ ਤੇ ਐੱਸ.ਏ.ਐੱਸ. ਨਗਰ ਦੇ 15 ਪਹਿਲੇ, ਦੂਜੇ ਤੇ ਤੀਜੇ ਇਨਾਮ ਜੇਤੂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਹੋਰ ਮੱਲਾਂ ਮਾਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਕੋਵਿਡ-19 ਕਾਰਨ ਨਾਂਹ-ਪੱਖੀ ਮਾਹੌਲ ਵਿੱਚ ਵਿਦਿਆਰਥੀਆਂ ਨੂੰ ਹਾਂ-ਪੱਖੀ ਗਤੀਵਿਧੀਆਂ ਵਿੱਚ ਰੁੱਝੇ ਰੱਖਣ ਦੇ ਮੰਤਵ ਨਾਲ ਸ਼ੁਰੂ ਕੀਤੇ ‘ਅੰਬੈਸਡਰ ਆਫ ਹੋਪ’ ਪ੍ਰੋਗਰਾਮ ਨੇ ਆਪਣਾ ਉਦੇਸ਼ ਪੂਰਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ‘ਅੰਬੈਸਡਰ ਆਫ ਹੋਪ’ ਅਧੀਨ ਸਾਰੇ 22 ਜ਼ਿਲ੍ਹਿਆਂ ਦੇ ਜੇਤੂਆਂ ਨੂੰ 66 ਮੁੱਖ ਇਨਾਮ ਅਤੇ 1000 ਹੌਸਲਾ ਵਧਾਊ ਇਨਾਮ ਦਿੱਤੇ ਜਾ ਰਹੇ ਹਨ। ਇਸ ਪ੍ਰੋਗਰਾਮ ਦੌਰਾਨ 1,05,898 ਸਕੂਲੀ ਬੱਚਿਆਂ ਨੇ ਆਪਣੀਆਂ ਵੀਡੀਓਜ਼ ਭੇਜੀਆਂ। ਇਸ ਦੌਰਾਨ ਜ਼ਿਲ੍ਹਾ ਹੁਸ਼ਿਆਰਪੁਰ, ਫ਼ਤਹਿਗੜ੍ਹ ਸਾਹਿਬ, ਸ਼ਹੀਦ ਭਗਤ ਸਿੰਘ ਨਗਰ, ਰੂਪਨਗਰ ਤੇ ਐੱਸ.ਏ.ਐੱਸ. ਨਗਰ ਦੇ ਪਹਿਲੇ ਇਨਾਮ ਜੇਤੂ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਝਾਂਸ ਦੀ ਦੂਜੀ ਜਮਾਤ ਦੀ ਵਿਦਿਆਰਥਣ ਅੰਸ਼ੁਮਨ ਅਰੋੜਾ, ਸਰਕਾਰੀ ਗਰਲਜ਼ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਮੰਡੀ ਗੋਬਿੰਦਗੜ੍ਹ ਦੀ 10ਵੀਂ ਦੀ ਵਿਦਿਆਰਥਣ ਜਸ਼ਨ, ਬੱਬਰ ਕਰਮ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ 12ਵੀਂ ਦਾ ਵਿਦਿਆਰਥੀ ਗੁਰਵਿੰਦਰ ਸਿੰਘ, ਮਾਤਾ ਸਾਹਿਬ ਕੌਰ ਅਕੈਡਮੀ ਦਾ 12ਵੀਂ ਦਾ ਵਿਦਿਆਰਥੀ ਜਗਤੇਸ਼ਵਰਜੋਤ ਸਿੰਘ ਤੇ ਮਾਊਂਟ ਕਾਰਮਲ ਸਕੂਲ ਦੀ 12ਵੀਂ ਦੀ ਵਿਦਿਆਰਥਣ ਕੋਇਨਾ ਸ਼ਰਮਾ ਨੂੰ ਐਪਲ ਆਈਪੈਡ ਦਿੱਤਾ ਗਿਆ।