ਪੱਤਰ ਪ੍ਰੇਰਕ
ਘਨੌਲੀ, 24 ਜੂਨ
ਪੰਜਾਬ ਅੰਦਰ ਝੋਨਾ ਲਗਾਉਣ ਵਿੱਚ ਜੁਟੇ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਦੇ ‘ਆਪ’ ਸਰਕਾਰ ਨੇ ਯਤਨ ਤੇਜ਼ ਕਰ ਦਿੱਤੇ ਹਨ। ਪਿਛਲੀਆਂ ਸਰਕਾਰਾਂ ਨੇ ਪ੍ਰਾਈਵੇਟ ਥਰਮਲ ਪਲਾਂਟ ਚਲਾ ਕੇ ਮਹਿੰਗੀ ਬਿਜਲੀ ਖਰੀਦਣ ਨੂੰ ਤਵੱਜੋ ਦਿੱਤੀ ਪਰ ਹੁਣ ‘ਆਪ’ ਸਰਕਾਰ ਵੱਲੋਂ ਸਰਕਾਰੀ ਥਰਮਲ ਪਲਾਂਟਾਂ ਅਤੇ ਪਣ ਬਿਜਲੀ ਘਰਾਂ ਰਾਹੀਂ ਵੱਧ ਤੋਂ ਵੱਧ ਸਸਤੀ ਬਿਜਲੀ ਪੈਦਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਪਣ ਬਿਜਲੀ ਘਰਾਂ ਨੇ ਬਿਜਲੀ ਦੀ ਵੱਧ ਪੈਦਾਵਾਰ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਦੋਵੇਂ ਸਰਕਾਰੀ ਥਰਮਲ ਪਲਾਂਟਾਂ ਦੇ ਯੂਨਿਟਾਂ ਨੂੰ ਵੱਧ ਤੋਂ ਵੱਧ ਲੋਡ ’ਤੇ ਚਲਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਅੱਜ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ 630 ਮੈਗਾਵਾਟ ਸਮਰੱਥਾ ਵਾਲੇ ਤਿੰਨ ਯੂਨਿਟਾਂ ਵੱਲੋਂ 526 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ, ਜਦੋਂਕਿ 210 ਮੈਗਾਵਾਟ ਸਮਰੱਥਾ ਦਾ ਯੂਨਿਟ ਨੰਬਰ 3 ਤਕਨੀਕੀ ਨੁਕਸ ਕਾਰਨ ਬੰਦ ਹੋ ਗਿਆ। ਲਹਿਰਾ ਮੁਹੱਬਤ ਥਰਮਲ ਪਲਾਂਟ ਦੇ 500 ਮੈਗਾਵਾਟ ਸਮਰੱਥਾ ਵਾਲੇ ਯੂਨਿਟ ਨੰਬਰ 3 ਅਤੇ 4 ਵੱਲੋਂ 460 ਮੈਗਾਵਾਟ, 210 ਮੈਗਾਵਾਟ ਦੇ ਯੂਨਿਟ ਨੰਬਰ 1 ਰਾਹੀਂ 165 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਰੂਪਨਗਰ ਜ਼ਿਲ੍ਹੇ ਦੇ 134 ਮੈਗਾਵਾਟ ਸਮਰੱਥਾ ਵਾਲੇ ਕੋਟਲਾ ਅਤੇ ਨੱਕੀਆਂ ਪਣ ਬਿਜਲੀ ਘਰਾਂ ਵਲੋਂ 120 ਮੈਗਾਵਾਟ, ਰਣਜੀਤ ਸਾਗਰ ਡੈਮ ਦੇ 450 ਮੈਗਾਵਾਟ ਸਮਰੱਥਾ ਵਾਲੇ 3 ਯੂਨਿਟਾਂ ਵਲੋਂ 365 ਮੈਗਾਵਾਟ, 91.35 ਮੈਗਾਵਾਟ ਦੇ ਯੂਬੀਡੀਸੀ ਪਣ ਬਿਜਲੀ ਘਰ ਵਲੋਂ 85 ਮੈਗਾਵਾਟ ਤੇ 225 ਮੈਗਾਵਾਟ ਸਮਰੱਥਾ ਵਾਲੇ ਮੁਕੇਰੀਆਂ ਹਾਈਡਲ ਚੈਨਲ ਵਲੋਂ 211 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਪੰਜਾਬ ਸਰਕਾਰ ਦਾ ਸ਼ਾਨਨ ਪ੍ਰਾਜੈਕਟ ਦੁਪਹਿਰ ਤੱਕ 90 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਸੀ ਪਰ ਦੁਪਹਿਰ ਬਾਅਦ ਇਸ ਦਾ ਉਤਪਾਦਨ ਠੱਪ ਹੋ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਮੀਂਹ ਪੈਣ ਕਾਰਨ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਸੀ ਜਿਸ ਕਾਰਨ ਬਿਜਲੀ ਦੀ ਮੰਗ ਵੀ ਘੱਟ ਗਈ ਸੀ ਪਰ ਹੁਣ ਗਰਮੀ ਵਧਣ ਲੱਗੀ ਹੈ ਜਿਸ ਕਾਰਨ ਬਿਜਲੀ ਦੀ ਮੰਗ ਆਉਣ ਵਾਲੇ ਦਿਨਾਂ ਵਿਚ ਹੋਰ ਵਧੇਗੀ। ਦੂਜੇ ਪਾਸੇ ਸੂਬਾ ਸਰਕਾਰ ਨੇ ਸਾਰੇ ਸਰੋਤਾਂ ਤੋਂ ਬਿਜਲੀ ਪੈਦਾਵਾਰ ਵਧਾਉਣ ਦੇ ਯਤਨ ਆਰੰਭ ਦਿੱਤੇ ਹਨ।