ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 18 ਅਕਤੂਬਰ
ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਦੇਸ਼ਾਂ ’ਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਛਪਾਈ ਸਬੰਧੀ ਲਏ ਗਏ ਫੈਸਲੇ ਨੂੰ ਅਮਲ ਵਿਚ ਲਿਆਉਣ ਲਈ ਕਾਰਵਾਈ ਆਰੰਭ ਦਿੱਤੀ ਗਈ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦਾ ਇੱਕ ਉੱਚ ਪੱਧਰੀ ਵਫ਼ਦ ਕੈਨੇਡਾ ਪੁੱਜ ਚੁੱਕਾ ਹੈ, ਜਿਸ ਵੱਲੋਂ ਵੱਖ-ਵੱਖ ਸਥਾਨਕ ਗੁਰਦੁਆਰਿਆਂ ਦੇ ਪ੍ਰਬੰਧਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਟੀਮ ਜਲਦੀ ਹੀ ਆਪਣੇ ਦੌਰੇ ਦੀ ਰਿਪੋਰਟ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਸੌਂਪੇਗੀ, ਜਿਸ ਦੇ ਆਧਾਰ ’ਤੇ ਅਗਲੀ ਕਾਰਵਾਈ ਸ਼ੁਰੂ ਹੋਵੇਗੀ। ਸ੍ਰੀ ਭਿੱਟੇਵੱਡ ਨੇ ਫੋਨ ਰਾਹੀਂ ਦੱਸਿਆ ਕਿ ਕੈਨੇਡਾ ਦੇ ਬੀਸੀ ਤੇ ਕੈਲਗਰੀ ਦੇ ਗੁਰਦੁਆਰਿਆਂ ’ਚ ਸੰਗਤ ਅਤੇ ਗੁਰਦੁਆਰਾ ਪ੍ਰਬੰਧਕਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਹਰ ਥਾਂ ਤੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਸਬੰਧੀ ਮੁਕੰਮਲ ਰਿਪੋਰਟ ਜਲਦੀ ਹੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਨੂੰ ਸੌਂਪੀ ਜਾਵੇਗੀ।