ਪਾਲ ਸਿੰਘ ਨੌਲੀ
ਜਲੰਧਰ, 30 ਅਕਤੂਬਰ
ਡੇਂਗੂ ਦੇ ਵਧ ਰਹੇ ਮਾਮਲਿਆਂ ਦਰਮਿਆਨ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਡੇਂਗੂ ਦੀ ਰੋਕਥਾਮ ਲਈ ਜੰਗੀ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ। ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਟੇਟ ਹੈਲਥ ਅਥਾਰਿਟੀ ਅਨੁਸਾਰ ਜਲੰਧਰ ਹੁਣ ਤੱਕ ਰਿਪੋਰਟ ਕੀਤੇ ਗਏ ਡੇਂਗੂ ਕੇਸਾਂ ਦੇ ਮਾਮਲੇ ਵਿੱਚ 16ਵੇਂ ਸਥਾਨ ’ਤੇ ਹੈ ਪਰ ਸਮੁੱਚੀਆਂ ਟੀਮਾਂ ਵੱਲੋਂ ਡੇਂਗੂ ਦੀ ਰੋਕਥਾਮ ਲਈ ਵੱਡੇ ਪੈਮਾਨੇ ’ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਭਰ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਡੇਂਗੂ ਨੂੰ ਕੰਟਰੋਲ ਕਰਨ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਤੇਜ਼ੀ ਲਿਆਉਣ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਸਾਰੇ ਉਪਾਅ ਕਰਨ ਦੀ ਅਪੀਲ ਵੀ ਕੀਤੀ।
ਜ਼ਿਲ੍ਹੇ ਵਿੱਚ ਡੇਂਗੂ ਦੇ 39 ਨਵੇਂ ਕੇਸ ਆਏ
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਜ਼ਿਲ੍ਹੇ ਵਿਚ 24 ਘੰਟਿਆਂ ਵਿੱਚ ਡੇਂਗੂ ਦੇ 39 ਨਵੇਂ ਕੇਸ ਰਿਪੋਰਟ ਹੋਏ ਹਨ, ਜਦੋਂਕਿ ਅੱਜ ਕੋਵਿਡ ਦੇ ਇਕ ਪਾਜ਼ੇਟਿਵ ਮਰੀਜ਼ ਦੀ ਪੁਸ਼ਟੀ ਹੋਈ ਹੈ ਅਤੇ ਇਕ ਦੀ ਮੌਤ ਹੋਈ ਹੈ। ਸਿਵਲ ਸਰਜਨ ਦਫ਼ਤਰ ਤੋਂ ਜਾਰੀ ਸੂਚਨਾ ਮੁਤਾਬਕ ਜ਼ਿਲ੍ਹੇ ਵਿਚ ਹੁਣ ਤੱਕ ਡੇਂਗੂ ਮਰੀਜ਼ਾਂ ਦੀ ਗਿਣਤੀ 1504 ਹੋ ਚੁੱਕੀ ਹੈ। ਜ਼ਿਲ੍ਹੇ ਵਿਚ ਹੁਣ ਤੱਕ ਕੋਵਿਡ ਦੇ 30,820 ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਅਤੇ 985 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹੇ ’ਚ ਇਸ ਵੇਲੇ 9 ਮਰੀਜ਼ ਐਕਟਿਵ ਹਨ ਅਤੇ 29,826 ਮਰੀਜ਼ ਤੰਦਰੁਸਤ ਹੋ ਚੁੱਕੇ ਹਨ।