ਗੁਰਬਖਸ਼ਪੁਰੀ
ਤਰਨ ਤਾਰਨ, 15 ਜੁਲਾਈ
ਜ਼ਿਲ੍ਹਾ ਪੁਲੀਸ ਨੇ ਗੰਭੀਰ ਅਪਰਾਧਕ ਪਿਛੋਕੜ ਵਾਲੇ ਅੱਠ ਮੁਲਜ਼ਮਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਵੱਡੀ ਗਿਣਤੀ ਵਿੱਚ ਗੋਲੀ ਸਿੱਕਾ, ਹੈਰੋਇਨ ਤੇ 22 ਲੱਖ ਰੂਪਏ ਬਰਾਮਦ ਕੀਤੇ ਹਨ। ਇਕ ਮੁਲਜ਼ਮ ਗੁਰਸੇਵਕ ਸਿੰਘ ਕਿਸੇ ਵੇਲੇ ਖਾਲਿਸਤਾਨ ਕਮਾਂਡੋ ਫੋਰਸ ਨਾਲ ਵੀ ਸਬੰਧਤ ਰਿਹਾ ਹੈ ਤੇ ਉਹ ਕਈ ਵਾਰ ਪਾਕਿਸਤਾਨ ਵੀ ਜਾ ਕੇ ਆਇਆ ਹੈ। ਐੱਸਐੱਸਪੀ ਧਰੁਮਨ ਐੱਚ ਨਿੰਬਾਲੇ ਨੇ ਅੱਜ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਸ਼ਨਾਖ਼ਤ ਪਿਛਲੇ ਸਾਲ ਅਕਤੂਬਰ ਵਿੱਚ ਮੱਛੀਆਂ ਦੇ ਠੇਕੇਦਾਰ ਮੁਖਤਿਆਰ ਸਿੰਘ ਦੀ ਹੱਤਿਆ ਦੇ ਮੁਲਜ਼ਮ ਅੰਮ੍ਰਿਤਪ੍ਰੀਤ ਸਿੰਘ, ਜਗਪ੍ਰੀਤ ਸਿੰਘ, ਜੋਬਨਜੀਤ ਸਿੰਘ ਵਾਸੀ ਹਰੀਕੇ, ਸੰਦੀਪ ਸਿੰਘ ਵਾਸੀ ਸ਼ਿਸ਼ੂ ਵਾਸੀ ਮਰੜ ਤੇ ਉਨ੍ਹਾਂ ਨੂੰ ਪਨਾਹ ਦੇਣ ਵਾਲੇ ਗੁਰਸੇਵਕ ਸਿੰਘ ਵਾਸੀ ਮਾੜੀ ਕੰਬੋਕੇ, ਜਗਜੀਤ ਸਿੰਘ, ਸੰਦੀਪ ਸਿੰਘ ਵਾਸੀ ਪਿੰਜੌਰ ਤੇ ਹਰੀਕੇ ਦਾ ਇਕ ਹੋਰ ਵਾਸੀ ਜਸਵੰਤ ਸਿੰਘ ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ ਪੁਲੀਸ ਨੇ 1.5 ਕਿਲੋਗਰਾਮ ਹੈਰੋਇਨ, ਇਕ ਬੰਦੂਕ, ਚਾਰ ਪਿਸਤੌਲ, 27 ਕਾਰਤੂਸ, 22 ਲੱਖ ਦੀ ਨਕਦੀ ਆਦਿ ਬਰਾਮਦ ਕੀਤੀ ਹੈ। ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਥਾਣਾ ਖਾਲੜਾ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ|
ਜਾਣਕਾਰੀ ਅਨੁਸਾਰ ਪੁਲੀਸ ਪਾਰਟੀ ਨੇ ਪਿੰਡ ਮਾੜੀ ਕੰਬੋਕੇ ਦੇ ਵਸਨੀਕ ਗੁਰਸੇਵਕ ਸਿੰਘ ਦੇ ਘਰ ਛਾਪਾ ਮਾਰ ਕੇ ਅੰਮ੍ਰਿਤਪ੍ਰੀਤ ਸਿੰਘ ਤੇ ਜਗਪ੍ਰੀਤ ਸਿੰਘ ਨੂੰ ਕਾਬੂ ਕੀਤਾ ਤੇ ਉਨ੍ਹਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਹੀ ਜੋਬਨਜੀਤ ਸਿੰਘ, ਸੰਦੀਪ ਸਿੰਘ ਤੇ ਉਨ੍ਹਾਂ ਨੂੰ ਸ਼ਰਨ ਦੇਣ ਵਾਲੇ ਜਗਜੀਤ ਸਿੰਘ ਤੇ ਸੰਦੀਪ ਸਿੰਘ ਸ਼ਿਸ਼ੂ ਨੂੰ ਪਿੰਜੌਰ ਤੋਂ ਕਾਬੂ ਕੀਤਾ। ਅੰਮ੍ਰਿਤਪਾਲ ਦੀ ਨਿਸ਼ਾਨਦੇਹੀ ’ਤੇ ਹਰੀਕੇ ਦੇ ਵਸਨੀਕ ਹੀਰਾ ਸਿੰਘ ਦੇ ਘਰ ਛਾਪਾ ਮਾਰ ਕੇ 250 ਗਰਾਮ ਹੈਰੋਇਨ, 22 ਲੱਖ ਰੁਪਏ ਤੇ 10 ਕਾਰਤੂਸ ਬਰਾਮਦ ਕੀਤੇ। ਹੀਰਾ ਸਿੰਘ ਘਰ ਨਹੀਂ ਸੀ ਅਤੇ ਪੁਲੀਸ ਨੇ ਉਸ ਦੇ ਭਰਾ ਜਸਵੰਤ ਸਿੰਘ ਨੂੰ ਕਾਬੂ ਕਰ ਲਿਆ।