ਮਾਨਸਾ/ਬੁਢਲਾਡਾ, 23 ਅਕਤੂਬਰ
ਮਾਨਸਾ ਜ਼ਿਲ੍ਹੇ ਦੇ ਕਸਬਾ ਬੁਢਲਾਡਾ ਵਿੱਚ ਲੰਘੀ ਰਾਤ ਇੱਕ ਘਰ ’ਚ ਅਚਾਨਕ ਅੱਗ ਲੱਗਣ ਕਾਰਨ ਘਰ ਅੰਦਰ ਸੁੱਤੇ ਪਏ ਪਤੀ-ਪਤਨੀ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦਾ ਜਵਾਨ ਪੁੱਤਰ ਬੁਰੀ ਤਰ੍ਹਾਂ ਝੁਲਸ ਗਿਆ ਹੈ। ਮ੍ਰਿਤਕਾਂ ਦੀ ਪਛਾਣ ਰਾਮਪਾਲ ਕੁਮਾਰ (62) ਅਤੇ ਕ੍ਰਿਸ਼ਨਾ (57) ਵਜੋਂ ਹੋਈ ਹੈ। ਜ਼ਖ਼ਮੀ ਕ੍ਰਿਸ਼ਨ ਕੁਮਾਰ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਬੁਢਲਾਡਾ ਸ਼ਹਿਰ ਦੇ ਵਾਰਡ ਨੰਬਰ 14 ਦੇ ਕੌਂਸਲਰ ਪ੍ਰੇਮ ਕੁਮਾਰ ਗਰਗ ਨੇ ਦੱਸਿਆ ਕਿ ਘਰ ਵਿੱਚ ਅੱਗ ਲੱਗੀ ਦੇਖ ਕੇ ਕ੍ਰਿਸ਼ਨ ਕੁਮਾਰ ਨੇ ਆਪਣੇ ਮਾਤਾ-ਪਿਤਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਅੱਗ ਵਿੱਚ ਬੁਰੀ ਤਰ੍ਹਾਂ ਝੁਲਸ ਚੁੱਕੇ ਸਨ ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬੁਢਲਾਡਾ ਦੇ ਡੀਐੱਸਪੀ ਅਮਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਰਾਮਪਾਲ ਕੁਮਾਰ ਦਾ ਘਰ ਛੋਟਾ ਹੈ ਅਤੇ ਉਸ ਨੇ ਆਪਣੀ ਕਰਿਆਨੇ ਦੀ ਦੁਕਾਨ ਦਾ ਬਹੁਤਾ ਸਾਮਾਨ ਘਰ ਵਿੱਚ ਹੀ ਰੱਖਿਆ ਹੋਇਆ ਸੀ। ਉਨ੍ਹਾਂ ਸੰਭਾਵਨਾ ਜਤਾਈ ਕੇ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੋ ਸਕਦੀ ਹੈ ਅਤੇ ਅੱਗ ਤੇਜ਼ੀ ਨਾਲ ਘਰ ਵਿੱਚ ਫੈਲ ਗਈ, ਜਿਸ ਕਾਰਨ ਰਾਮਪਾਲ ਤੇ ਉਸ ਦੀ ਪਤਨੀ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ। ਅੱਧੀ ਰਾਤ ਨੂੰ ਜਦੋਂ ਆਲੇ-ਦੁਆਲੇ ਦੇ ਲੋਕਾਂ ਨੇ ਉਨ੍ਹਾਂ ਦੇ ਘਰ ’ਚੋਂ ਭਾਂਬੜ ਨਿਕਲਦੇ ਦੇਖੇ ਤਾਂ ਰੌਲਾ ਪਾ ਕੇ ਉੱਪਰਲੀ ਮੰਜ਼ਿਲ ’ਤੇ ਆਪਣੀ ਪਤਨੀ ਤੇ ਬੱਚੀ ਨਾਲ ਸੁੱਤੇ ਪਏ ਕ੍ਰਿਸ਼ਨ ਕੁਮਾਰ ਨੂੰ ਉਠਾਇਆ। ਉਸ ਨੇ ਆਪਣੇ ਮਾਪਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਜ਼ਿਆਦਾ ਫੈਲਣ ਕਾਰਨ ਉਹ ਮਾਪਿਆਂ ਨੂੰ ਬਚਾਉਣ ’ਚ ਸਫਲ ਨਾ ਹੋ ਸਕਿਆ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਗੁਆਂਢੀਆਂ ਦੀ ਸਹਾਇਤਾ ਨਾਲ ਕ੍ਰਿਸ਼ਨ ਕੁਮਾਰ ਦੀ ਪਤਨੀ ਅਤੇ ਚਾਰ ਸਾਲਾਂ ਦੀ ਬੱਚੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਸੀ।