ਸਰਬਜੀਤ ਸਿੰਘ ਭੰਗੂ
ਸ਼ੰਭੂ ਕਲਾਂ (ਪਟਿਆਲਾ), 2 ਨਵੰਬਰ
ਕਈ ਮਹੀਨਿਆਂ ਤੋਂ ਕਿਸਾਨੀ ਮੰਗਾਂ ਲਈ ਸ਼ੰਭੂ ਬਾਰਡਰ ’ਤੇ ਜਾਰੀ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਬਲਵਿੰਦਰ ਸਿੰਘ (70) ਦੀ ਮੌਤ ਹੋ ਗਈ। ਉਹ ਸੰਧੂ ਪੱਤੀ ਮੋਗਾ ਦਾ ਰਹਿਣ ਵਾਲਾ ਸੀ। ਹਾਈ ਬਲੱਡ ਪ੍ਰੈਸ਼ਰ ਕਾਰਨ ਬਲਵਿੰਦਰ ਸਿੰਘ ਨੂੰ 31 ਅਕਤੂਬਰ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਤਬੀਅਤ ਜ਼ਿਆਦਾ ਵਿਗੜਨ ਕਾਰਨ ਉਸ ਨੂੰ ਪਹਿਲੀ ਨਵੰਬਰ ਨੂੰ ਇਥੋਂ ਪੀਜੀਆਈ ਲਈ ਰੈਫਰ ਕਰ ਦਿੱਤਾ ਗਿਆ, ਜਿਥੇ ਅੱਜ ਵੱਡੇ ਤੜਕੇ ਉਸ ਦੀ ਮੌਤ ਹੋ ਗਈ। ਬਲਵਿੰਦਰ ਸਿੰਘ ਦੀ ਮੌਤ ’ਤੇ ਦੁੱਖ ਜ਼ਾਹਿਰ ਕਰਦਿਆਂ ਮੋਰਚੇ ਦੇ ਮੋਢੀਆਂ ਨੇ ਉਸ ਦੇ ਪਰਿਵਾਰ ਲਈ ਢੁੱਕਵੇਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਇਸੇ ਦੌਰਾਨ ਪੀਜੀਆਈ ਚੰਡੀਗੜ੍ਹ ਵਿੱਚ ਪੋਸਟਮਾਰਟਮ ਤੋਂ ਬਾਅਦ ਬਲਵਿੰਦਰ ਸਿੰਘ ਦੀ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ, ਜਿਸ ਨੂੰ ਐਂਬੂਲੈਂਸ ਰਾਹੀਂ ਸ਼ੰਭੂ ਬਾਰਡਰ ’ਤੇ ਲਿਜਾਇਆ ਗਿਆ। ਸ਼ੰਭੂ ਬਾਰਡਰ ’ਤੇ ਕਿਸਾਨ ਆਗੂਆਂ ਨੇ ਬਲਵਿੰਦਰ ਸਿੰਘ ਦੀ ਦੇਹ ’ਤੇ ਝੰਡੇ ਪਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ, ਜਿਸ ਮਗਰੋਂ ਦੇਹ ਨੂੰ ਲੈ ਕੇ ਇਕ ਕਾਫਲਾ ਮੋਗਾ ਵੱਲ ਨੂੰ ਰਵਾਨਾ ਹੋ ਗਿਆ।