ਸ਼ਗਨ ਕਟਾਰੀਆ
ਬਠਿੰਡਾ, 24 ਮਾਰਚ
ਦਿੱਲੀ ਦੀ ਟਿਕਰੀ ਹੱਦ ’ਤੇ ਜਾਰੀ ਕਿਸਾਨ ਅੰਦੋਲਨ ਦੌਰਾਨ ਅੱਜ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟਬਖ਼ਤੂ ਦੇ ਕਿਸਾਨ ਭੋਲਾ ਸਿੰਘ ਦਾ ਦੇਹਾਂਤ ਹੋ ਗਿਆ।
ਕਰੀਬ 70 ਸਾਲਾ ਭੋਲਾ ਸਿੰਘ ਨੇ ਪੰਜ ਦਿਨ ਪਹਿਲਾਂ ਹੀ ਟਿਕਰੀ ਮੋਰਚੇ ਵਿੱਚ ਸ਼ਿਰਕਤ ਕੀਤੀ ਸੀ। ਅੱਜ ਸਵੇਰੇ 10 ਵਜੇ ਉਸ ਨੂੰ ਘਬਰਾਹਟ ਮਹਿਸੂਸ ਹੋਈ ਤਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ। ਉਸ ਦੀ ਦੇਹ ਨੂੰ ਬਹਾਰਦਰਗੜ੍ਹ ਦੇ ਹਸਪਤਾਲ ਵਿਚ ਰੱਖਿਆ ਗਿਆ ਹੈ।
ਮਰਹੂਮ ਭੋਲਾ ਸਿੰਘ ਦੇ ਸ਼ਾਦੀਸ਼ੁਦਾ ਇਕ ਪੁੱਤਰ ਅਤੇ ਇਕ ਧੀ ਹਨ। ਉਸ ਦੇ ਪਰਿਵਾਰ ਸਿਰ ਸਹਿਕਾਰੀ ਸੁਸਾਇਟੀ, ਬੈਂਕ ਅਤੇ ਆੜ੍ਹਤੀਆਂ ਦਾ ਕਰੀਬ 12 ਲੱਖ ਦਾ ਕਰਜ਼ਾ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਭੋਲਾ ਸਿੰਘ ਦੇ ਪਰਿਵਾਰ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨ ਸਮੇਤ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਦਸ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ।