ਗੁਰਪ੍ਰੀਤ ਸਿੰਘ/ਜਸਵੰਤ ਜੱਸ
ਸਾਦਿਕ/ਫਰੀਦਕੋਟ, 17 ਅਪਰੈਲ
ਨੇੜਲੇ ਪਿੰਡ ਦੀਪ ਸਿੰਘ ਵਾਲਾ (ਜ਼ਿਲ੍ਹਾ ਫਰੀਦਕੋਟ) ਵਿੱਚ ਰਾਤ ਸਮੇਂ ਅਣਪਛਾਤੇ ਵਿਅਕਤੀਆਂ ਨੇ ਘਰ ਅੰਦਰ ਦਾਖ਼ਲ ਹੋ ਕੇ ਇੱਕ ਬਜ਼ੁਰਗ ਦਾ ਕਤਲ ਕਰ ਦਿੱਤਾ ਅਤੇ ਉਸ ਦਾ ਸਿਰ ਵੱਢ ਕੇ ਆਪਣੇ ਨਾਲ ਲੈ ਗਏ। ਦੀਪ ਸਿੰਘ ਵਾਲਾ ਦੇ ਸਰਪੰਚ ਸ਼ਾਮ ਲਾਲ ਨੇ ਦੱਸਿਆ ਕਿ ਹਰਪਾਲ ਸਿੰਘ ਦੇ ਕਤਲ ਬਾਰੇ ਸਵੇਰ ਸਮੇਂ ਪਤਾ ਲੱਗਾ। ਜਾਣਕਾਰੀ ਅਨੁਸਾਰ ਹਰਪਾਲ ਸਿੰਘ (60) ਰਾਤ ਨੂੰ ਆਪਣੇ ਘਰ ਸੁੱਤਾ ਸੀ ਦਿਨ ਚੜ੍ਹਨ ’ਤੇ ਪਰਿਵਾਰਕ ਮੈਂਬਰਾਂ ਨੇ ਦੇਖਿਆ ਤਾਂ ਹਰਪਾਲ ਸਿੰਘ ਦਾ ਸਰੀਰ ਵਿਹੜੇ ਵਿੱਚ ਪਿਆ ਸੀ ਅਤੇ ਕਾਤਲ ਤੇਜ਼ਧਾਰ ਹਥਿਆਰਾਂ ਨਾਲ ਧੜ ਨਾਲੋਂ ਸਿਰ ਵੱਢ ਲਿਜਾ ਚੁੱਕੇ ਸਨ ਪਰ ਪੱਗ ਧੜ ਦੇ ਨੇੜੇ ਹੀ ਪਈ ਸੀ। ਮ੍ਰਿਤਕ ਦੇ ਪੁੱਤਰ ਪਿੱਪਲ ਸਿੰਘ ਨੇ ਵਾਰਦਾਤ ਦੀ ਜਾਣਕਾਰੀ ਪਿੰਡ ਦੇ ਸਰਪੰਚ ਸ਼ਾਮ ਲਾਲ ਬਜਾਜ ਨੂੰ ਦਿੱਤੀ, ਜਿਨ੍ਹਾਂ ਨੇ ਇਸ ਦੀ ਥਾਣਾ ਸਾਦਿਕ ਵਿੱਚ ਸੂਚਨਾ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸਐੱਸਪੀ ਫਰੀਦਕੋਟ ਸਵਰਨਜੀਤ ਸਿੰਘ, ਐੱਸਪੀ ਡਾ. ਬਾਲ ਕ੍ਰਿਸ਼ਨ ਸਿੰਗਲਾ, ਡੀਐੱਸਪੀ ਸਤਵਿੰਦਰ ਸਿੰਘ ਵਿਰਕ, ਥਾਣਾ ਸਾਦਿਕ ਦੇ ਮੁਖੀ ਇੰਸਪੈਕਟਰ ਮੁਖਤਿਆਰ ਸਿੰਘ ਗਿੱਲ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਖ਼ਬਰ ਲਿਖੇ ਜਾਣ ਤੱਕ ਪੁਲੀਸ ਨੂੰ ਕਤਲ ਦਾ ਕੋਈ ਸੁਰਾਗ ਨਹੀਂ ਸੀ ਮਿਲਿਆ। ਕਾਤਲਾਂ ਨੂੰ ਲੱਭਣ ਲਈ ਪੁਲੀਸ ਵੱਲੋਂ ਡਾਗ ਸਕੁਐਡ ਅਤੇ ਫੌਰੈਂਸਿਕ ਮਾਹਿਰਾਂ ਦੀ ਮਦਦ ਲਈ ਜਾ ਰਹੀ ਹੈ। ਡੀ.ਐੱਸ.ਪੀ. ਸਤਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਸਾਦਿਕ ’ਚ ਕਤਲ ਦੀਆਂ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ ਅਤੇ ਇਸ ਵੱਖਰੀ ਕਿਸਮ ਦੇ ਅਪਰਾਧ ਦੀ ਪੁਲੀਸ ਵੱਲੋਂ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ। ਪਿੰਡ ’ਚੋਂ ਮਿਲੀ ਜਾਣਕਾਰੀ ਅਨੁਸਾਰ ਹਰਪਾਲ ਸਿੰਘ ਕਿਸਾਨ ਪਰਿਵਾਰ ਨਾਲ ਸਬੰਧਤ ਸੀ ਅਤੇ ਕਾਫ਼ੀ ਸਮਾਂ ਪਹਿਲਾਂ ਉਹ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਕੇ ਆਇਆ ਸੀ। ਕਾਤਲਾਂ ਵੱਲੋਂ ਹਰਪਾਲ ਸਿੰਘ ਦਾ ਕਤਲ ਕਰਨ ਤੋਂ ਪਹਿਲਾਂ ਉਸ ਦੇ ਘਰ ਰੱਖੇ ਕੁੱਤਿਆਂ ਨੂੰ ਕਥਿਤ ਤੌਰ ’ਤੇ ਕੋਈ ਜ਼ਹਿਰੀਲੀ ਚੀਜ਼ ਖੁਆ ਦਿੱਤੀ ਗਈ ਅਤੇ ਘਟਨਾ ਸਮੇਂ ਕੁੱਤੇ ਵੀ ਨਹੀਂ ਭੌਂਕੇ। ਕਾਤਲ ਰੱਸੇ ਦੀ ਮੱਦਦ ਨਾਲ ਘਰ ਅੰਦਰ ਦਾਖਲ ਹੋਏ ਸਨ।