ਦਵਿੰਦਰ ਪਾਲ
ਚੰਡੀਗੜ੍ਹ, 3 ਜੂਨ
ਮੁੱਖ ਅੰਸ਼
- ਕੁੱਲ ਮੌਤਾਂ 47 ਹੋਈਆਂ
- ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 2376 ਨੂੰ ਪੁੱਜੀ
ਪੰਜਾਬ ਵਿੱਚ ਕਰੋਨਾਵਾਇਰਸ ਨਾਲ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਲੰਘੇ 24 ਘੰਟਿਆਂ ਦੌਰਾਨ ਜਲੰਧਰ ਨਾਲ ਸਬੰਧਤ ਇੱਕ ਬਜ਼ੁਰਗ ਲੁਧਿਆਣਾ ਵਿੱਚ ਇਲਾਜ ਦੌਰਾਨ ਦਮ ਤੋੜ ਗਿਆ। ਇਕ ਹੋਰ ਮੌਤ ਨਾਲ ਕਰੋਨਾ ਅੱਗੇ ਜ਼ਿੰਦਗੀ ਦੀ ਜੰਗ ਹਾਰਨ ਵਾਲਿਆਂ ਦੀ ਗਿਣਤੀ 47 ਤੱਕ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 34 ਨਵੇਂ ਕੇਸ ਸਾਹਮਣੇ ਆਏ ਹਨ ਤੇ ਕੁੱਲ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਵਧ ਕੇ 2376 ਨੂੰ ਅੱਪੜ ਗਈ ਹੈ। ਸੂਬੇ ਵਿੱਚ ਸਿਹਤ ਵਿਭਾਗ ਵੱਲੋਂ ਨਮੂਨੇ ਲੈਣ ਦਾ ਅੰਕੜਾ ਵੀ ਇੱਕ ਲੱਖ ਨੂੰ ਟੱਪ ਗਿਆ ਹੈ। ਪੰਜਾਬ ਵਿੱਚ ਪਿਛਲੇ ਇੱਕ ਦਿਨ ਦੌਰਾਨ ਜਿਨ੍ਹਾਂ ਜ਼ਿਲ੍ਹਿਆਂ ਵਿੱਚ 34 ਨਵੇਂ ਕੇਸ ਸਾਹਮਣੇ ਆਏ ਹਨ ਉਨ੍ਹਾਂ ਵਿੱਚ ਮੁਹਾਲੀ ’ਚ 7, ਪਠਾਨਕੋਟ ਵਿੱਚ 7, ਜਲੰਧਰ ਵਿੱਚ 3, ਗੁਰਦਾਸਪੁਰ ਵਿੱਚ 3, ਫਰੀਦਕੋਟ ਵਿੱਚ 3, ਹੁਸ਼ਿਆਰਪੁਰ ਵਿੱਚ 3, ਅੰਮ੍ਰਿਤਸਰ, ਮੁਕਤਸਰ ਤੇ ਪਟਿਆਲਾ ਵਿੱਚ 2-2 ਅਤੇ ਨਵਾਂਸ਼ਹਿਰ ਤੇ ਬਠਿੰਡਾ ਵਿੱਚ 1-1 ਕੇਸ ਸਾਹਮਣੇ ਆਇਆ ਹੈ। ਪੰਜਾਬ ਵਿੱਚ ਤਾਜ਼ਾ ਮਾਮਲੇ ਬਾਹਰਲੇ ਸੂਬਿਆਂ, ਵਿਦੇਸ਼ਾਂ ਤੋਂ ਆਉਣ ਵਾਲੇ ਵਿਅਕਤੀਆਂ ਅਤੇ ਪਾਜ਼ੇਟਿਵ ਵਿਅਕਤੀਆਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਦੇ ਹਨ।
ਸੂਬੇ ਵਿੱਚ ਪਿਛਲੇ ਕਈ ਦਿਨਾਂ ਤੋਂ ਰੋਜ਼ਾਨਾ 30 ਤੋਂ ਵੱਧ ਨਵੇਂ ਕੇਸ ਸਾਹਮਣੇ ਆ ਰਹੇ ਹਨ। ਪੰਜਾਬ ਦੇ ਹਸਪਤਾਲਾਂ ਅਤੇ ਆਈਸੋਲੇਸ਼ਨ ਕੇਂਦਰਾਂ ਵਿੱਚੋਂ 2029 ਵਿਅਕਤੀਆਂ ਨੂੰ ਸਿਹਤਯਾਬ ਹੋਣ ਮਗਰੋਂ ਘਰੀਂ ਤੋਰ ਦਿੱਤਾ ਗਿਆ ਹੈ ਤੇ 12 ਵਿਅਕਤੀਆਂ ਨੂੰ ਅੱਜ ਛੁੱਟੀ ਮਿਲੀ ਹੈ। ਸਿਹਤ ਵਿਭਾਗ ਨੇ ਦਾਅਵਾ ਕੀਤਾ ਕਿ ਪੰਜਾਬ ਤੋਂ ਬਿਹਾਰ ਆਦਿ ਜਾਣ ਵਾਲੇ ਪਰਵਾਸੀ ਮਜ਼ਦੂਰਾਂ ਵਿੱਚ ਲਾਗ ਦੇ ਕੇਵਲ ਦੋ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਮਹਾਰਾਸ਼ਟਰ ਆਦਿ ਸੂਬਿਆਂ ਤੋਂ ਹੋਰਨਾਂ ਸੂਬਿਆਂ ਵਿੱਚ ਗਏ ਪਰਵਾਸੀਆਂ ਵਿੱਚ ਲਾਗ ਦੇ ਵਧੇਰੇ ਕੇਸ ਸਾਹਮਣੇ ਆਏ ਹਨ।