ਰਾਜਨ ਮਾਨ
ਮਜੀਠਾ, 4 ਜੂਨ
ਪਿੰਡ ਢਿੰਗ ਨੰਗਲ ਵਿੱਚ ਲੜਕੀਆਂ ਤੋਂ ਐਕਟਿਵਾ ਖੋਹਣ ਤੋਂ ਰੋਕਣ ਬਜ਼ੁਗਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਸਟੇਸ਼ਨ ਮਜੀਠਾ ਅਧੀਨ ਪਿੰਡ ਢਿੰਗ ਨੰਗਲ ਵਿਖੇ ਹੋਮਿਓਪੈਥੀ ਦੀ ਦਵਾਈ ਲੈ ਕੇ ਵਾਪਸ ਆਪਣੇ ਪਿੰਡ ਭੈਣੀਆਂ ਜਾ ਰਹੀਆਂ ਦੋ ਲੜਕੀਆਂ ਤੋਂ ਪਿੰਡ ਦੇ ਸੂਏ ’ਤੇ ਐਕਟਿਵਾ ਖੋਹਣ ਦੀ ਕੋਸ਼ਿਸ਼ ਕਰ ਰਹੇ ਪਿੰਡ ਦੇ ਹੀ ਨੌਜਵਾਨ ਜਸਮੀਤ ਸਿੰਘ ਉੱਰਫ ਜੱਸੀ ‘ਤੇ ਉਸ ਦੇ ਪਿਓ ਹਰਜਿੰਦਰ ਸਿੰਘ ਨੂੰ ਜਦੋਂ ਪਿੰਡ ਦੇ ਹੀ ਵਿਅਕਤੀ ਹਰਜਿੰਦਰ ਸਿੰਘ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਜੱਸੀ ਨੇ ਪਿਸਤੌਲ ਨਾਲ ਉਸ ਦੇ ਗੋਲੀ ਮਾਰ ਕੇ ਉਸਨੂੰ ਉਥੇ ਹੀ ਢੇਰੀ ਕਰ ਦਿੱਤਾ। ਮੁਲਜ਼ਮ ਐਕਟਿਵਾ ਲੈ ਕੇ ਫ਼ਰਾਰ ਹੋ ਗਏ। ਪੁਲੀਸ ਨੂੰ ਦਰਜ ਕਰਵਾਈ ਰਿਪੋਰਟ ਵਿੱਚ ਮ੍ਰਿਤਕ ਦੇ ਭਰਾ ਗੁਰਮੇਜ ਸਿੰਘ ਪੁੱਤਰ ਚਰਨ ਸਿੰਘ ਵਾਸੀ ਢਿੰਗ ਨੰਗਲ ਨੇ ਦੱਸਿਆ ਕਿ ਉਹ ਅਤੇ ਉਸ ਦਾ ਸਭ ਤੋਂ ਛੋਟਾ ਭਰਾ ਹਰਜਿੰਦਰ ਸਿੰਘ (55) ਬੀਤੀ ਦੇਰ ਸ਼ਾਮ ਕਿਸੇ ਘਰੇਲੂ ਕੰਮ ਲਈ ਪਿੰਡ ‘ਚ ਹੀ ਜਾ ਰਹੇ ਸਨ ਕਿ ਜਦ ਉਹ ਪੁਲ ਸੂਆ ਨਹਿਰ ਪਿੰਡ ਢਿੰਗ ਨੰਗਲ ਪੁੱਜੇ ਤਾਂ ਉਸ ਦਾ ਭਤੀਜਾ ਭੁਪਿੰਦਰ ਸਿੰਘ ਪੁੱਤਰ ਨਰਿੰਦਰ ਸਿੰਘ ਵੀ ਉੱਥੇ ਆ ਗਿਆ। ਇਸ ਦੇ ਨਾਲ ਹੀ ਢਿੰਗ ਨੰਗਲ ਵਸਨੀਕ ਜਸਮੀਤ ਸਿੰਘ ਉਰਫ਼ ਜੱਸੀ ਅਤੇ ਇਸ ਦਾ ਪਿਤਾ ਹਰਜਿੰਦਰ ਸਿੰਘ ਪੁੱਤਰ ਚੰਨਣ ਸਿੰਘ ਪਿੰਡ ਭੈਣੀ ਲਿੱਧੜ੍ਹ ਦੀਆਂ ਦੋ ਲੜਕੀਆਂ ਤੋਂ ਪਿਸਤੌਲ ਅਤੇ ਦਾਤਰ ਦੀ ਨੌਕ ਤੇ ਐਕਟਿਵਾ ਖੋਹਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਸ ਦੇ ਭਰਾ ਹਰਜਿੰਦਰ ਸਿੰਘ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਜਸਜੀਤ ਸਿੰਘ ਉਰਫ਼ ਜੱਸੀ ਨੇ ਆਪਣੇ ਰਿਵਾਲਵਰ ਨਾਲ ਹਰਜਿੰਦਰ ਸਿੰਘ ‘ਤੇ ਸਿੱਧੀ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਉਸ ਦੀ ਛਾਤੀ ’ਤੇ ਖੱਬੇ ਪਾਸੇ ਗੋਲੀ ਲੱਗੀ ਕਾਰਨ ਉਸ ਦੀ ਮੌਤ ਹੋ ਗਈ। ਥਾਣਾ ਮਜੀਠਾ ਵਿਖੇ ਪਿਓ-ਪੁੱਤਰ ਵਿਰੁੱਧ ਕਤਲ ਦਾ ਕੇਸ ਦਰਜ ਕਰ ਲਿਆ ਹੈ।