ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 1 ਜਨਵਰੀ
ਕੇਂਦਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਅੱਗੇ ਚੱਲ ਰਿਹਾ ‘ਰੇਲ ਰੋਕੋ ਅੰਦੋਲਨ’ ਅੱਜ 100ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਅੱਜ ਜ਼ੋਨ ਪ੍ਰਧਾਨ ਹਰਬਿੰਦਰ ਸਿੰਘ ਕੰਗ ਦੀ ਅਗਵਾਈ ਹੇਠ ਕਿਸਾਨਾਂ ਦਾ ਕਾਫ਼ਲਾ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਜੰਡਿਆਲਾ ਗੁਰੂ ਰੇਲਵੇ ਟਰੈਕ ਪਾਰਕ ਵਿੱਚ ਚੱਲ ਰਹੇ ਧਰਨੇ ’ਚ ਸ਼ਾਮਲ ਹੋਇਆ, ਜਿਸ ਵਿੱਚ ਬੀਬੀਆਂ ਨੇ ਸਿਰ ’ਤੇ ਪੀਲੀਆਂ ਚੁੰਨੀਆਂ ਲੈ ਕੇ ਰੇਲ ਰੋੋਕੋ ਅੰਦੋਲਨ ਦੇ 100 ਦਿਨ ਪੂਰੇ ਹੋਣ ’ਤੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ।
ਇਸੇ ਦੌਰਾਨ ਨਵੇਂ ਸਾਲ ਦੇ ਪਹਿਲੇ ਦਿਨ ਅੰਮ੍ਰਿਤਸਰ-ਜਲੰਧਰ ਮਾਰਗ ਉੱਤੇ ਸਥਿਤ ਨਿਜਰਪੁਰਾ ਟੌਲ ਪਲਾਜ਼ੇ ’ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਸ਼ੁਰੂ ਕੀਤੀ ਭੁੱਖ ਹੜਤਾਲ ਦੇ ਪੰਜਵੇਂ ਦਿਨ ਅੱਜ ਪੰਜ ਬਜ਼ੁਰਗ ਕਿਸਾਨਾਂ ਦਾ ਜਥਾ ਭੁੱਖ ਹੜਤਾਲ ’ਤੇ ਬੈਠਿਆ। ਕਿਸਾਨ ਆਗੂ ਬਲਵੰਤ ਸਿੰਘ ਤੇ ਮੰਗਲ ਸਿੰਘ ਰਾਮਪੁਰਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਕੜਾਕੇ ਦੀ ਇਸ ਠੰਢ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਦੇ ਰੋਹ ਅੱਗੇ ਝੁਕਣਾ ਪਵੇਗਾ ਅਤੇ ਇਹ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ। ਆਗੂਆਂ ਕਿਹਾ ਕਿ ਇਸ ਅੰਦੋਲਨ ਵਿੱਚ ਸਿਰਫ ਕਿਸਾਨ ਹੀ ਹਿੱਸਾ ਨਹੀਂ ਲੈ ਰਹੇ, ਸਗੋਂ ਹਰ ਵਰਗ ਦੇ ਲੋਕ ਆਪਣੇ ਪਰਿਵਾਰਾਂ ਸਮੇਤ ਪਹੁੰਚ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਹ ਪ੍ਰਗਟਾ ਰਹੇ ਹਨ ਅਤੇ ਬਜ਼ੁਰਗਾਂ ਦਾ ਜੋਸ਼ ਵੀ ਦੇਖਣ ਲਾਇਕ ਹੈ ਤੇ ਅੱਜ ਬਜ਼ੁਰਗਾਂ ਨੇ ਭੁੱਖ ਹੜਤਾਲ ਦੀ ਲੜੀ ਅੱਗੇ ਚਲਾਈ ਹੈ। ਇਸੇ ਦੌਰਾਨ ਅੱਜ ਪੂੰਜੀਪਤੀ ਘਰਾਣਿਆਂ ਦੇ ਸ਼ਾਪਿੰਗ ਮਾਲਾਂ ਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨੇ ਦੇ ਕੇ ਕਿਸਾਨਾਂ-ਮਜ਼ਦੂਰਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਖੇਤੀ ਕਾਨੂੰਨ ਤੁਰੰਤ ਰੱਦ ਕਰਨ ਦੀ ਮੰਗ ਕੀਤੀ।