ਮੁੱਖ ਅੰਸ਼
- ਚੌਕਾਂ, ਬੱਸਾਂ ਆਦਿ ਤੋਂ ਪ੍ਰਚਾਰ ਸਮੱਗਰੀ ਲਾਹੀ ਗਈ
- ਜ਼ਾਬਤਾ ਲੱਗਦੇ ਸਾਰ ਹੀ ਕਮਿਸ਼ਨ ਕੋਲ ਉਲੰਘਣਾ ਦੀਆਂ ਸ਼ਿਕਾਇਤਾਂ ਪੁੱਜੀਆਂ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਜਨਵਰੀ
ਚੋਣ ਜ਼ਾਬਤਾ ਲੱਗਣ ਮਗਰੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਤਸਵੀਰ ਵਾਲੇ ਫਲੈਕਸ ਸਮੁੱਚੇ ਪੰਜਾਬ ’ਚੋਂ ਉਤਾਰ ਦਿੱਤੇ ਗਏ ਹਨ| ਚੋਣ ਕਮਿਸ਼ਨ ਨੇ ਜ਼ਾਬਤਾ ਲੱਗਣ ਤੋਂ 24 ਘੰਟੇ ਦੇ ਅੰਦਰ-ਅੰਦਰ ਸਰਕਾਰੀ ਸੰਪਤੀ ਤੋਂ ਸਿਆਸੀ ਧਿਰਾਂ ਦੀ ਪ੍ਰਚਾਰ ਸਮੱਗਰੀ ਉਤਾਰਨ ਦੇ ਹੁਕਮ ਦਿੱਤੇ ਸਨ| ਜ਼ਿਲ੍ਹਾ ਚੋਣ ਅਫ਼ਸਰਾਂ ਵੱਲੋਂ ਅੱਜ 4 ਵਜੇ ਤੱਕ ਮੁੱਖ ਮੰਤਰੀ ਦੀ ਤਸਵੀਰ ਵਾਲੇ ਇਸ਼ਤਿਹਾਰੀ ਬੋਰਡ ਹਟਾ ਦਿੱਤੇ ਗਏ ਹਨ| ਪੀ.ਆਰ.ਟੀ.ਸੀ. ਅਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਤੋਂ ਸਾਰੀ ਪ੍ਰਚਾਰ ਸਮੱਗਰੀ ਹਟਾਈ ਗਈ ਹੈ| ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੇ ਕਾਰਜਕਾਲ ਦੀਆਂ ਪ੍ਰਾਪਤੀਆਂ ਗਿਣਾਉਣ ਲਈ ਪੂਰੇ ਰਾਜ ਵਿਚ ਚੌਕਾਂ-ਚੁਰਸਤਿਆਂ ਵਿਚ ਵੱਡੇ-ਵੱਡੇ ਫਲੈਕਸ ਲਾਏ ਗਏ ਸਨ| ਸਥਾਨਕ ਸਰਕਾਰਾਂ ਵਿਭਾਗ ਵੱਲੋਂ ਅੱਜ ਸ਼ਹਿਰਾਂ ’ਚੋਂ ਪ੍ਰਚਾਰ ਸਮੱਗਰੀ ਹਟਾ ਦਿੱਤੀ ਗਈ ਹੈ| ਅੱਜ ਰਾਜ ਭਰ ਦੇ ਰਿਟਰਨਿੰਗ ਅਫ਼ਸਰਾਂ ਵੱਲੋਂ ਚੋਣ ਜ਼ਾਬਤੇ ਦੀ ਪਾਲਣਾ ਹਿੱਤ ਸਰਕਾਰੀ ਸੰਪਤੀ ਤੋਂ ਹਰ ਸਿਆਸੀ ਧਿਰ ਦੀ ਪ੍ਰਚਾਰ ਸਮੱਗਰੀ ਹਟਾ ਦਿੱਤੀ ਗਈ ਹੈ| ਚੋਣ ਕਮਿਸ਼ਨ ਐਤਕੀਂ ਐਨਾ ਸਖ਼ਤ ਹੈ ਕਿ ਜੇ ਕਿਸੇ ਸਿਆਸੀ ਧਿਰ ਨੇ ਪ੍ਰਾਈਵੇਟ ਰਿਹਾਇਸ਼ ’ਤੇ ਸਟਿੱਕਰ ਵੀ ਲਾਇਆ ਤਾਂ ਉਸ ਨੂੰ ਪਾਰਟੀ ਦੇ ਚੋਣ ਖ਼ਰਚ ਵਿਚ ਸ਼ਾਮਲ ਕੀਤਾ ਜਾਵੇਗਾ| ਇਸੇ ਦੌਰਾਨ ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ ਦੀਆਂ ਵੈੱਬਸਾਈਟਾਂ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਤਸਵੀਰ ਵੀ ਹਟਾ ਦਿੱਤੀ ਗਈ ਹੈ| ਅੱਜ ਸਮੁੱਚੇ ਪੰਜਾਬ ਵਿਚ ਸਰਕਾਰੀ ਸੰਪਤੀ ਤੋਂ ਪ੍ਰਚਾਰ ਅਤੇ ਮਸ਼ਹੂਰੀ ਵਾਲੀ ਸਮੱਗਰੀ ਨੂੰ ਉਤਾਰੇ ਜਾਣ ਦੀ ਮੁਹਿੰਮ ਚੱਲਦੀ ਰਹੀ| ਬਹੁਤੇ ਜ਼ਿਲ੍ਹਿਆਂ ਨੇ ਅੱਜ ਚੋਣ ਕਮਿਸ਼ਨ ਨੂੰ ਇਸ ਬਾਰੇ ਸੂਚਨਾ ਵੀ ਭੇਜ ਦਿੱਤੀ ਹੈ| ਇਸ ਤੋਂ ਇਲਾਵਾ ਚੋਣ ਕਮਿਸ਼ਨ ਨੂੰ ਚੋਣ ਜ਼ਾਬਤਾ ਲੱਗਦੇ ਸਾਰ ਹੀ ਸ਼ਿਕਾਇਤਾਂ ਪੁੱਜਣੀਆਂ ਸ਼ੁਰੂ ਹੋ ਗਈਆਂ ਹਨ| ਇਸ ਵਾਰ ਚੋਣ ਕਮਿਸ਼ਨ ਨੇ ਸੀ-ਵਿਜਿਲ ਨਾਮ ਦੀ ਐਪ ’ਤੇ ਸ਼ਿਕਾਇਤਾਂ ਕਰਨ ਦੀ ਆਮ ਨਾਗਰਿਕਾਂ ਨੂੰ ਖੁੱਲ੍ਹ ਦਿੱਤੀ ਹੈ ਜਿਸ ’ਤੇ ਕੋਈ ਵੀ ਵਿਅਕਤੀ ਆਪਣੀ ਸ਼ਿਕਾਇਤ ਜਾਂ ਵੀਡੀਓ ਨੂੰ ਸਾਂਝਾ ਕਰ ਸਕਦਾ ਹੈ| ਕਮਿਸ਼ਨ ਨੇ ਇਹ ਵੀ ਫ਼ੈਸਲਾ ਕੀਤਾ ਹੈ ਕਿ ਅਗਰ ਕਿਸੇ ਨੇ ਝੂਠੀ ਸ਼ਿਕਾਇਤ ਕੀਤੀ ਤਾਂ ਉਸ ਖ਼ਿਲਾਫ਼ ਕਾਰਵਾਈ ਵੀ ਕੀਤੀ ਜਾਵੇਗੀ।