ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 9 ਮਾਰਚ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੋਣ ਕਮਿਸ਼ਨ ਕੋਲੋਂ ਮੰਗ ਕੀਤੀ ‘ਐਗਜ਼ਿਟ ਪੋਲ ਅਤੇ ਓਪੀਨੀਅਨ ਪੋਲ’ ਉੱਤੇ ਰੋਕ ਲਾਈ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਅਨੁਮਾਨਾਂ ਦੇ ਉਲਟ ਇਸ ਵਾਰ ਅਕਾਲੀ-ਬਸਪਾ ਗੱਠਜੋੜ ਬਹੁਮਤ ਪ੍ਰਾਪਤ ਕਰਕੇ ਸੂਬੇ ਵਿੱਚ ਸਰਕਾਰ ਬਣਾਵੇਗਾ। ਉਹ ਅੱਜ ਇਥੇ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਅਤੇ ਪਾਰਟੀ ਦੀ ਜਿੱਤ ਲਈ ਅਰਦਾਸ ਕਰਨ ਪੁੱਜੇ ਸਨ। ਸੁਖਬੀਰ ਨਾਲ ਉਨ੍ਹਾਂ ਦੀ ਪਤਨੀ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਪਰਿਵਾਰ ਦੇ ਹੋਰ ਜੀਅ ਵੀ ਮੌਜੂਦ ਸਨ।
ਸੂਚਨਾ ਕੇਂਦਰ ਵਿੱਚ ਮੀਡੀਆ ਨਾਲ ਗੱਲ ਕਰਦਿਆਂ ‘ਐਗਜ਼ਿਟ ਪੋਲ ਤੇ ਓਪੀਨੀਅਨ ਪੋਲ’ ਦੀ ਚਰਚਾ ਸਬੰਧੀ ਸਵਾਲ ਦੇ ਜਵਾਬ ਵਿੱਚ ਸੁਖਬੀਰ ਨੇ ਕਿਹਾ ਕਿ ਅਜਿਹੀ ਪੇਸ਼ੀਨਗੋਈ ਕਦੇ ਵੀ ਸੱਚ ਨਹੀਂ ਹੋਈ। ਪਿਛਲੀ ਵਾਰ ਵੀ ਆਮ ਆਦਮੀ ਪਾਰਟੀ ਨੂੰ ਜਿਤਾਇਆ ਜਾ ਰਿਹਾ ਸੀ, ਜਦੋਂਕਿ ਅਜਿਹਾ ਨਹੀਂ ਹੋਇਆ। ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਨੂੰ ਹਰਾਇਆ ਗਿਆ ਸੀ ਪਰ ਉਹ ਜਿੱਤ ਗਈ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਇਹ ਚੋਣ ਅਨੁਮਾਨ ਗ਼ਲਤ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਇਹ ਚੋਣ ਅਨੁਮਾਨ ਸਰਕਾਰ ਅਤੇ ਹੋਰਨਾਂ ਵੱਲੋਂ ਪੈਸੇ ਦੀ ਵਰਤੋਂ ਕਰ ਕੇ ਕਰਵਾਏ ਜਾ ਰਹੇ ਹਨ, ਜੋ ਵੋਟਰਾਂ ਨੂੰ ਭਰਮਾਉਣ ਲਈ ਹਨ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ’ਤੇ ਰੋਕ ਲਾਉਣੀ ਚਾਹੀਦੀ ਹੈ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅਕਾਲੀ-ਬਸਪਾ ਗੱਠਜੋੜ ਨੂੰ ਕਿਸੇ ਹੋਰ ਸਿਆਸੀ ਪਾਰਟੀ ਨਾਲ ਸਾਂਝ ਪਾਉਣ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਇਕੱਲੇ ਮਾਝਾ ਵਿੱਚੋਂ ਹੀ ਸ਼੍ਰੋਮਣੀ ਅਕਾਲੀ ਦਲ 16-17 ਸੀਟਾਂ ਜਿੱਤੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਸੂਬੇ ਵਿੱਚੋਂ ਸਿਰਫ 20 ਸੀਟਾਂ ਹੀ ਪ੍ਰਾਪਤ ਹੋਣਗੀਆਂ। ਯੂਕਰੇਨ ਵਿੱਚੋਂ ਵਾਪਸ ਪਰਤ ਰਹੇ ਪੰਜਾਬੀਆਂ ਤੇ ਖਾਸ ਕਰਕੇ ਵਿਦਿਆਰਥੀਆਂ ਦੇ ਮਾਮਲੇ ਸਬੰਧੀ ਕਾਂਗਰਸ ਸਰਕਾਰ ਵੱਲੋਂ ਚੁੱਪ ਰਹਿਣ ’ਤੇ ਇਤਰਾਜ਼ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਮੌਕੇ ਸਰਕਾਰ ਨੂੰ ਆਪਣੇ ਨੁਮਾਇੰਦੇ ਯੂਕਰੇਨ ਭੇਜਣੇ ਚਾਹੀਦੇ ਸਨ। ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਰਜ ਮਾਮਲੇ ਬਾਰੇ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਕੇਸ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਦਰਜ ਕੀਤਾ ਗਿਆ ਹੈ।