ਦਵਿੰਦਰ ਪਾਲ
ਚੰਡੀਗੜ੍ਹ, 26 ਮਈ
ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਨਮੋਸ਼ੀ ਭਰੀ ਹਾਰ ਦੀ ਸਮੀਖਿਆ ਲਈ ਗਠਿਤ ਕਮੇਟੀ ਵੱਲੋਂ ਦਿੱਤੀ ਗਈ ਰਿਪੋਰਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਹੇਠ ਬਣੀ ਇਸ ਕਮੇਟੀ ਦੀ ਮੀਟਿੰਗ ਦਿਨ ਭਰ ਚਲਦੀ ਰਹੀ। ਸੂਤਰਾਂ ਦਾ ਦੱਸਣਾ ਹੈ ਕਿ ਕਮੇਟੀ ਦੀ ਅੰਤਿਮ ਰਿਪੋਰਟ ਤਿਆਰ ਕਰਨ ਸਮੇਂ ਮੈਂਬਰਾਂ ਵਿੱਚ ਵੱਡੇ ਮੱਤਭੇਦ ਦਿਖਾਈ ਦਿੱਤੇ। ਕਮੇਟੀ ਦੇ ਕੁਝ ਮੈਂਬਰ ਜਿੱਥੇ ਪਿੰਡ ਪੱਧਰ ਤੋਂ ਹਾਸਲ ਕੀਤੇ ਤੱਥਾਂ ਦੇ ਆਧਾਰ ’ਤੇ ਰਿਪੋਰਟ ਦੇਣੀ ਚਾਹੁੰਦੇ ਸਨ, ਉਥੇ ਕੁਝ ਮੈਂਬਰਾਂ ਨੇ ਵਿਵਾਦਤ ਮੁੱਦਿਆਂ ਨੂੰ ਰਿਪੋਰਟ ਤੋਂ ਬਾਹਰ ਰੱਖਣ ਦੀ ਗੱਲ ਕਹੀ। ਕਮੇਟੀ ਦੇ ਮੁਖੀ ਇਕਬਾਲ ਸਿੰਘ ਝੂੰਦਾਂ ਦਾ ਦਾਅਵਾ ਹੈ ਕਿ ਕਮੇਟੀ ਮੈਂਬਰਾਂ ਵਿੱਚ ਕੋਈ ਮੱਤਭੇਦ ਨਹੀਂ ਹਨ। ਰਿਪੋਰਟ ਤਿਆਰ ਹੈ ਤੇ ਅੱਜ ਸ਼ਾਮ ਜਾਂ ਭਲਕ ਤੱਕ ਪਾਰਟੀ ਨੂੰ ਸੌਂਪ ਦਿੱਤੀ ਜਾਵੇਗੀ। ਪਾਰਟੀ ਵੱਲੋਂ ਭਲਕੇ ਕੋਰ ਕਮੇਟੀ ਦੀ ਮੀਟਿੰਗ ਵੀ ਕੀਤੀ ਜਾਣੀ ਹੈ ਤੇ ਇਸ ਮੀਟਿੰਗ ਵਿੱਚ 13 ਮੈਂਬਰੀ ਕਮੇਟੀ ਦੀ ਰਿਪੋਰਟ ਨੂੰ ਵਿਚਾਰਿਆ ਜਾਵੇਗਾ। ਸੂਤਰਾਂ ਦਾ ਦੱਸਣਾ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਬਦਲ ਲੱਭਣ ’ਚ ਪਾਰਟੀ ਆਗੂਆਂ ਨੂੰ ਹਾਲ ਦੀ ਘੜੀ ਸਫ਼ਲਤਾ ਨਹੀਂ ਮਿਲ ਰਹੀ। ਪਾਰਟੀ ਆਗੂਆਂ ਦਾ ਮੰਨਣਾ ਹੈ ਕਿ ਅਕਾਲੀ ਦਲ ਲਈ ਆਉਣ ਵਾਲੇ ਸਾਲ ਹੋਰ ਵੀ ਚੁਣੌਤੀਆਂ ਭਰੇ ਹੋ ਸਕਦੇ ਹਨ। ਸਾਲ 2024 ਦੀਆਂ ਸੰਸਦੀ ਚੋਣਾਂ ਤੋਂ ਬਾਅਦ ਵਿਧਾਨ ਸਭਾ ਚੋਣਾਂ ਤੱਕ ਮੁਕਾਬਲਾ ਕਰਨ ਦੀ ਹਾਲਤ ’ਚ ਪਹੁੰਚਣ ਲਈ ਵੱਡੀਆਂ ਤਬਦੀਲੀਆਂ ਅਤੇ ਫ਼ੈਸਲੇ ਕਰਨੇ ਪੈਣਗੇ। ਪਾਰਟੀ ਆਗੂਆਂ ਦਾ ਦੱਸਣਾ ਹੈ ਕਿ 13 ਮੈਂਬਰੀ ਕਮੇਟੀ ਨੇ ਸਾਰੇ ਜ਼ਿਲ੍ਹਿਆਂ ਦੇ ਹਰ ਤਰ੍ਹਾਂ ਦੇ ਵਰਕਰ ਤੇ ਆਗੂ ਦੇ ਵਿਚਾਰ ਲਏ ਅਤੇ ਪਾਰਟੀ ਦੇ ਨਿਘਾਰ ਤੇ ਭਵਿੱਖ ਦੀ ਰਣਨੀਤੀ ਬਾਰੇ ਚਰਚਾ ਕੀਤੀ। ਕਮੇਟੀ ਮੈਂਬਰਾਂ ਨਾਲ ਮੀਟਿੰਗ ਦੌਰਾਨ ਅਕਾਲੀ ਦਲ ਦੇ ਜ਼ਿਲ੍ਹਾ ਪੱਧਰ ਦੇ ਆਗੂਆਂ ਅਤੇ ਵਰਕਰਾਂ ਨੇ ਸੀਨੀਅਰ ਲੀਡਰਸ਼ਿਪ ਦੀ ਕਾਰਜਸ਼ੈਲੀ ’ਤੇ ਸਵਾਲ ਹੀ ਨਹੀਂ ਉਠਾਏ ਸਗੋਂ ਦਲ ਦੇ ਜਥੇਬੰਦਕ ਢਾਂਚੇ ’ਚ ਵੱਡੀਆਂ ਤਬਦੀਲੀਆਂ ਲਿਆਉਣ, ਪਾਰਟੀ ਨੂੰ ਸਿਧਾਂਤਕ ਲੀਹਾਂ ’ਤੇ ਲਿਆਉਣ, ਪਾਰਟੀ ਦੀਆਂ ਨੀਤੀਆਂ ਵਿੱਚ ਤਬਦੀਲੀਆਂ ਕਰਨ ਦੇ ਸੁਝਾਅ ਵੀ ਦਿੱਤੇ। ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਲੋਕਾਂ ਦੀਆਂ ਭਾਵਨਾਵਾਂ ਦੇ ਉਲਟ ਲਏ ਗਏ ਫ਼ੈਸਲਿਆਂ ਬਾਰੇ ਵੀ ਅਕਾਲੀ ਦਲ ਦੇ ਵਰਕਰਾਂ ਨੇ ਕਮੇਟੀ ਦੇ ਮੈਂਬਰਾਂ ਨੂੰ ਖੁੱਲ੍ਹ ਕੇ ਦੱਸਿਆ। ਕਮੇਟੀ ਮੈਂਬਰਾਂ ਨੇ ਦੱਸਿਆ ਕਿ ਅਕਾਲੀ ਦਲ ਦੀਆਂ ਲਗਾਤਾਰ ਹੋ ਰਹੀਆਂ ਹਾਰਾਂ ਕਾਰਨ ਪਿੰਡ ਪੱਧਰ ਤੱਕ ਵਰਕਰਾਂ ਤੇ ਆਗੂਆਂ ’ਚ ਨਿਰਾਸ਼ਾ ਪਾਈ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਜਦੋਂ ਅਕਾਲੀ ਦਲ ਦਾ ਅਧਾਰ ਹੀ ਕਿਸਾਨੀ ਹੈ ਤਾਂ ਮੁੱਢ ਤੋਂ ਹੀ ਸਪੱਸ਼ਟ ਸਟੈਂਡ ਲੈਣ ਦੀ ਜ਼ਰੂਰਤ ਸੀ।