ਗੁਰਨਾਮ ਸਿੰਘ ਅਕੀਦਾ
ਪਟਿਆਲਾ, 9 ਫਰਵਰੀ
ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚੋਂ ਨਿਕਲਿਆ ਘੱਗਰ ਦਰਿਆ ਪੰਜਾਬ ਵਿੱਚ ਹਰ ਸਾਲ ਬਰਸਾਤੀ ਮੌਸਮ ਵਿੱਚ ਫ਼ਸਲਾਂ ਦਾ ਭਾਰੀ ਨੁਕਸਾਨ ਕਰਦਾ ਹੈ। ਹਰ ਵਾਰ ਡੇਰਾਬਸੀ ਤੋਂ ਸਰਦੂਲਗੜ੍ਹ ਤੱਕ ਵਿਧਾਨ ਸਭਾ ਤੇ ਲੋਕ ਸਭਾ ਹਲਕਿਆਂ ਦੇ ਸਿਆਸੀ ਨੁਮਾਇੰਦੇ ਲੋਕਾਂ ਨੂੰ ਘੱਗਰ ਤੋਂ ਨਿਜਾਤ ਦਿਵਾਉਣ ਦੀ ਗੱਲ ਕਰਦੇ ਹਨ ਪਰ ਚੋਣਾਂ ਮਗਰੋਂ ਆਗੂਆਂ ਵੱਲੋਂ ਕੋਈ ਵੀ ਪ੍ਰਭਾਵੀ ਕੰਮ ਨਹੀਂ ਕੀਤਾ ਜਾਂਦਾ।
ਸਰਕਾਰੀ ਸੂਤਰਾਂ ਅਨੁਸਾਰ ਘੱਗਰ ਦਰਿਆ ਪੰਜਾਬ ਤੇ ਹਰਿਆਣਾ ਦੇ ਕਰੀਬ 312 ਕਿਲੋਮੀਟਰ ਰਕਬੇ ਵਿੱਚੋਂ ਪੰਜਾਬ ਦੇ 197 ਕਿਲੋਮੀਟਰ ਖੇਤਰ ’ਚ ਵਹਿੰਦਾ ਹੈ, ਜਿਸ ਵਿੱਚੋਂ 125 ਕਿਲੋਮੀਟਰ ਇਕੱਲੇ ਪਟਿਆਲਾ ਜ਼ਿਲ੍ਹੇ ਵਿੱਚ ਵਗਦਾ ਹੈ। ਘੱਗਰ ਦਰਿਆ ਵਿੱਚ ਮਾਰਕੰਡਾ, ਟਾਂਗਰੀ, ਸਾਗਰਪਾੜ੍ਹਾ, ਝੰਬੋ ਚੋਅ ਅਤੇ ਕੈਥਲ ਡਰੇਨ ਸਮੇਤ ਪੰਜਾਬ, ਹਿਮਾਚਲ ਤੇ ਹਰਿਆਣਾ ਦੀਆਂ ਕਰੀਬ 35-40 ਡਰੇਨਾਂ, ਵੱਡੇ ਬਰਸਾਤੀ ਨਾਲਿਆਂ ਦਾ ਪਾਣੀ ਪੈਣ ਕਾਰਨ ਪਟਿਆਲਾ ਤੇ ਸੰਗਰੂਰ, ਮਾਨਸਾ ਜ਼ਿਲ੍ਹੇ ਦੇ ਸੈਂਕੜੇ ਪਿੰਡਾਂ ਦੇ ਹਜ਼ਾਰਾਂ ਏਕੜ ਰਕਬੇ ਵਿੱਚ ਜਿੱਥੇ ਫ਼ਸਲਾਂ ਤਬਾਹ ਹੁੰਦੀਆਂ ਹਨ ਉੱਥੇ ਹੀ ਹੋਰ ਜਾਨੀ ਤੇ ਮਾਲੀ ਨੁਕਸਾਨ ਵੀ ਹੁੰਦਾ ਹੈ। ਹੁਣ ਤੱਕ ਘੱਗਰ ਵਿੱਚ ਵੱਡੇ ਪੱਧਰ ’ਤੇ ਛੇ ਵਾਰ 1962, 1988, 1993, 1994, 1995 ਤੇ 2010 ਦੌਰਾਨ ਹੜ੍ਹ ਆ ਚੁੱਕਿਆ ਹੈ। 2016 ਵਿੱਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਘੱਗਰ ਦਰਿਆ ਨੂੰ ਸਾਫ਼ ਅਤੇ ਪ੍ਰਦੂਸ਼ਣ ਮੁਕਤ ਕਰਨ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੀਟਿੰਗ ਕੀਤੀ ਸੀ, ਜਿਸ ਦੇ ਕੋਈ ਸਾਰਥਕ ਸਿੱਟੇ ਨਿਕਲੇ ਨਜ਼ਰ ਨਹੀਂ ਆਏ। ਸਾਲ 2019 ਵਿੱਚ ਪਟਿਆਲਾ ਤੋਂ ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਵੀ ਪੰਜਾਬ ਕਾਂਗਰਸ ਦੇ ਹੋਰਨਾਂ ਲੋਕ ਸਭਾ ਮੈਂਬਰਾਂ ਨਾਲ ਮਿਲ ਕੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਗੱਲਬਾਤ ਕਰ ਕੇ ਇੱਕ ਮੰਗ ਪੱਤਰ ਸੌਂਪਿਆ ਸੀ। ਉਨ੍ਹਾਂ ਸਪੱਸ਼ਟ ਕੀਤਾ ਸੀ ਕਿ ਉਸ ਸਾਲ 15 ਤੋਂ 17 ਜੁਲਾਈ ਦਰਮਿਆਨ ਭਾਰੀ ਮੀਂਹ ਪੈਣ ਕਾਰਨ ਘੱਗਰ ਦਰਿਆ ਵਿੱਚ ਆਏ ਬੇਸ਼ੁਮਾਰ ਪਾਣੀ ਕਾਰਨ ਪਟਿਆਲਾ ਤੇ ਸੰਗਰੂਰ ਜ਼ਿਲ੍ਹਿਆਂ ਵਿੱਚ 70 ਹਜ਼ਾਰ ਏਕੜ ਦੇ ਕਰੀਬ ਰਕਬਾ ਹੜ੍ਹ ਦੀ ਮਾਰ ਹੇਠ ਆਇਆ, ਜਿਸ ਕਾਰਨ ਪਟਿਆਲਾ ਲੋਕ ਸਭਾ ਹਲਕੇ ਦੇ ਤਕਰੀਬਨ 228 ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਪਰ ਇਹ ਮੰਗ ਪੱਤਰ ਵੀ ਅਸਰ ਨਾ ਦਿਖਾ ਸਕਿਆ।
ਦੂਜੇ ਪਾਸੇ ਇਹੀ ਦਰਿਆ ਜਦੋਂ ਹਰਿਆਣਾ ਦੀ ਹੱਦ ਪਾਰ ਕਰਦਾ ਹੈ ਤਾਂ ਉੱਥੋਂ ਦੇ ਕਿਸਾਨਾਂ ਲਈ ਵਰਦਾਨ ਬਣ ਜਾਂਦਾ ਹੈ, ਜਿਸ ਦਾ ਕਾਰਨ ਸਿਰਸਾ ਜ਼ਿਲ੍ਹੇ ਵਿੱਚ ਬਣਿਆ ਓਟ ਹੈੱਡ ਹੈ, ਜਿਸ ਨੂੰ ਓਟ ਝੀਲ ਵੀ ਕਿਹਾ ਜਾਂਦਾ ਹੈ। ਇਸ ਹੈੱਡ ਤੋਂ ਨਿਕਲੀਆਂ ਨਹਿਰਾਂ, ਮਾਈਨਰ ਅਤੇ ਡਰੇਨਾਂ ਰਾਹੀਂ ਛੱਡੇ ਜਾਂਦੇ ਪਾਣੀ ਨਾਲ ਹਜ਼ਾਰਾਂ ਏਕੜ ਫ਼ਸਲ ਦੀ ਸਿੰਜਾਈ ਕੀਤੀ ਜਾਂਦੀ ਹੈ। ਪੰਜਾਬ ਦੇ ਕਿਸਾਨਾਂ ਦੀ ਮੰਗ ਹੈ ਕਿ ਹਰਿਆਣਾ ਵਾਂਗ ਪੰਜਾਬ ਵਿੱਚ ਵੀ ਅਜਿਹਾ ਹੀ ਕੋਈ ਉਪਰਾਲਾ ਕੀਤਾ ਜਾਵੇ, ਜਿਸ ਨਾਲ ਫ਼ਸਲਾਂ ਦੇ ਬਚਾਅ ਦੇ ਨਾਲ-ਨਾਲ ਸਿੰਜਾਈ ਲਈ ਵੀ ਪਾਣੀ ਮਿਲ ਸਕੇ। ਪਟਿਆਲਾ ਹਲਕੇ ਤੋਂ ਲੋਕ ਸਭਾ ਦੀ ਚੋਣ ਲੜੇ ਇਕ ਅਕਾਲੀ ਨੇਤਾ ਨੇ ਕਿਹਾ ਸੀ ਕਿ ‘ਤੁਸੀਂ ਕਾਂਗਰਸ ਚੁੱਕ ਦਿਓ, ਅਸੀਂ ਘੱਗਰ ਦੇ ਵਲ ਵਿੰਗ ਕੱਢ ਦਿਆਂਗੇ।’ ਲੋਕਾਂ ਨੇ ਕਾਂਗਰਸ ਹਰਾਈ ਪਰ ਘੱਗਰ ਪਹਿਲਾਂ ਵਾਂਗ ਹੀ ਵਗਦਾ ਰਿਹਾ।
ਡਰੇਨਜ਼ ਵਿਭਾਗ ਦੇ ਸਾਬਕਾ ਚੀਫ਼ ਇੰਜੀਨੀਅਰ ਰਾਜਿੰਦਰਪਾਲ ਸਿੰਘ ਬਰਾੜ ਨੇ ਕਿਹਾ ਕਿ ਸ਼ੁਤਰਾਣਾ ਤੋਂ ਖਨੌਰੀ ਤੱਕ ਦੋ ਘੱਗਰ ਵਗਦੇ ਹਨ, ਇਕ ਘੱਗਰ 220 ਫੁੱਟ ਚੌੜਾ ਹੈ, ਜਿਸ ’ਤੇ ਲੋਕਾਂ ਨੇ ਵੱਖੋ-ਵੱਖਰੇ ਤਰੀਕੇ ਨਾਲ ਕਬਜ਼ੇ ਕਰ ਲਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਡਿਪਟੀ ਕਮਿਸ਼ਨਰ ਦੀਪਇੰਦਰ ਸਿੰਘ ਨਾਲ ਮਿਲ ਕੇ ਕਬਜ਼ੇ ਹਟਾਉਣੇ ਸ਼ੁਰੂ ਕੀਤੇ ਸੀ ਪਰ ਸੱਤਾਧਾਰੀ ਨੁਮਾਇੰਦਿਆਂ ਨੇ ਫ਼ੋਨ ਕਰਕੇ ਅਜਿਹਾ ਕਰਨ ਤੋਂ ਰੋਕਿਆ, ਜਿਸ ਤੋਂ ਸਪੱਸ਼ਟ ਹੈ ਕਿ ਘੱਗਰ ਸਾਫ਼ ਕਰ ਦੇਣ ਦੇ ਬਿਆਨ ਦੇਣ ਵਾਲੇ ਆਗੂ ਵੀ ਨਹੀਂ ਚਾਹੁੰਦੇ ਕਿ ਘੱਗਰ ਦਾ ਮਸਲਾ ਹੱਲ ਹੋਵੇ। ਜਦ ਕਿ ਘੱਗਰ ’ਤੇ ਕਈ ਤਰ੍ਹਾਂ ਦੇ ਪ੍ਰਾਜੈਕਟ ਬਣਾ ਕੇ ਇਸ ਦਾ ਹੱਲ ਕੀਤਾ ਜਾ ਸਕਦਾ ਹੈ।