ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 3 ਜੂਨ
ਲੋਕ ਸਭਾ ਚੋਣਾਂ ਦੇ ਮੰਗਲਵਾਰ ਨੂੰ ਐਲਾਨੇ ਜਾਣ ਵਾਲੇ ਨਤੀਜੇ ਤੋਂ ਪਹਿਲਾਂ ਅੱਜ ਤੂਫਾਨ ਤੋਂ ਪਹਿਲਾਂ ਵਾਂਗ ਸ਼ਾਂਤੀ ਵਾਲੀ ਸਥਿਤੀ ਬਣੀ ਰਹੀ। ਚੋਣ ਲੜ ਰਹੇ ਵੱਖ-ਵੱਖ ਸਿਆਸੀ ਧਿਰਾਂ ਦੇ ਉਮੀਦਵਾਰਾਂ ਦੇ ਦਿਲ ਦੀ ਧੜਕਣ ਵਧੀ ਹੋਈ ਹੈ। ਇਸੇ ਲਈ ਉਹ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਜਾ ਕੇ ਅਰਦਾਸਾਂ ਤੇ ਪ੍ਰਾਰਥਨਾ ਕਰ ਰਹੇ ਹਨ। ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਇਸ ਵੇਲੇ ਲਗਪਗ 30 ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ’ਚ ਚਾਰ ਔਰਤਾਂ ਅਤੇ 18 ਆਜ਼ਾਦ ਉਮੀਦਵਾਰ ਹਨ। ਪ੍ਰਮੁੱਖ ਸਿਆਸੀ ਧਿਰਾਂ ਦੇ ਉਮੀਦਵਾਰਾਂ ਵਿੱਚ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ, ਭਾਜਪਾ ਦੇ ਤਰਨਜੀਤ ਸਿੰਘ ਸੰਧੂ, ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਧਾਲੀਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅਨਿਲ ਜੋਸ਼ੀ ਮੁੱਖ ਮੁਕਾਬਲੇ ਵਿੱਚ ਸ਼ਾਮਲ ਹਨ। ਇਸ ਸਖ਼ਤ ਮੁਕਾਬਲੇ ਵਿੱਚ ਕਿਹੜੀ ਧਿਰ ਅੱਗੇ ਹੈ ਅਤੇ ਕਿਹੜੀ ਪਿੱਛੇ, ਇਸ ਦਾ ਖੁਲਾਸਾ ਭਲਕੇ ਚਾਰ ਜੂਨ ਨੂੰ ਹੋ ਜਾਵੇਗਾ ਪਰ ਇਸ ਤੋਂ ਪਹਿਲਾਂ ਇਨ੍ਹਾਂ ਸਿਆਸੀ ਉਮੀਦਵਾਰਾਂ ਵਿੱਚ ਚਿੰਤਾ ਵਾਲੀ ਸਥਿਤੀ ਬਣੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਉਮੀਦਵਾਰਾਂ ਵੱਲੋਂ ਤਾਂ ਜੋਤਸ਼ੀਆਂ ਕੋਲੋਂ ਵੀ ਆਪਣੇ ਸਿਆਸੀ ਭਵਿੱਖ ਬਾਰੇ ਪੁੱਛਗਿੱਛ ਕੀਤੀ ਗਈ ਹੈ। ਇਸ ਦੌਰਾਨ ਅੱਜ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਭਲਕੇ ਹੋਣ ਵਾਲੀ ਵੋਟਾਂ ਦੀ ਗਿਣਤੀ ਸਬੰਧੀ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗਾਂ ਆਦਿ ਕਰ ਕੇ ਅਗਲੇ ਪ੍ਰਬੰਧ ਕੀਤੇ ਗਏ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਜ਼ਿਲ੍ਹੇ ਵਿੱਚ ਲਗਪਗ 11 ਗਿਣਤੀ ਕੇਂਦਰ ਸਥਾਪਿਤ ਕੀਤੇ ਗਏ ਹਨ ਜਿੱਥੇ 800 ਤੋਂ ਵੱਧ ਕਰਮਚਾਰੀਆਂ ਦੀ ਵੋਟਾਂ ਦੀ ਗਿਣਤੀ ਵਾਸਤੇ ਡਿਊਟੀ ਲਾਈ ਗਈ ਹੈ। ਗਿਣਤੀ ਕੇਂਦਰਾਂ ਦੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਨੀਮ ਫੌਜੀ ਵੱਲ ਅਤੇ ਪੰਜਾਬ ਪੁਲੀਸ ਦੀ ਤਿੰਨ ਪਰਤੀ ਸੁਰੱਖਿਆ ਪੰਕਤੀ ਨੂੰ ਤਾਇਨਾਤ ਕੀਤਾ ਗਿਆ।
ਇਸ ਵੇਲੇ ਅੰਮ੍ਰਿਤਸਰ ਤੋਂ ਇਲਾਵਾ ਮਾਝੇ ਦੇ ਦੋ ਹੋਰ ਲੋਕ ਸਭਾ ਹਲਕਿਆਂ ਖਡੂਰ ਸਾਹਿਬ ਅਤੇ ਗੁਰਦਾਸਪੁਰ ਦੇ ਨਤੀਜਿਆਂ ’ਤੇ ਵੀ ਲੋਕਾਂ ਦੀ ਨਜ਼ਰ ਹੈ। ਖਡੂਰ ਸਾਹਿਬ ਲੋਕ ਸਭਾ ਹਲਕੇ ਵਿੱਚ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਨੇ ਹਰ ਸਿਆਸੀ ਧਿਰ ਦੇ ਉਮੀਦਵਾਰ ਦੀ ਧੜਕਨ ਵਧਾ ਦਿੱਤੀ ਹੈ। ਗੁਰਦਾਸਪੁਰ ਲੋਕ ਸਭਾ ਹਲਕੇ ਵਿੱਚ ਨੀਮ ਪਹਾੜੀ ਇਲਾਕੇ ਵਾਲੇ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ ਪਈ ਵਧੇਰੇ ਵੋਟ ਕਾਰਨ ਵੀ ਇੱਥੇ ਗਿਣਤੀਆਂ-ਮਿਣਤੀਆਂ ਪ੍ਰਭਾਵਿਤ ਹੋਣਗੀਆਂ।
ਹਲਕੇ ਵਿੱਚ ਘੱਟ ਮਤਦਾਨ ਨੇ ਗਿਣਤੀ-ਮਿਣਤੀ ਬਦਲੀ
ਅੰਮ੍ਰਿਤਸਰ ਲੋਕ ਸਭਾ ਹਲਕੇ ਵਿੱਚ ਘੱਟ ਹੋਏ ਮਤਦਾਨ ਨੇ ਉਮੀਦਵਾਰਾਂ ਦੀ ਚਿੰਤਾ ਹੋਰ ਵਧਾਈ ਹੋਈ ਹੈ। ਕੁਝ ਉਮੀਦਵਾਰ ਘੱਟ ਹੋਏ ਮਤਦਾਨ ਨੂੰ ਹਾਕਮ ਧਿਰ ਪ੍ਰਤੀ ਲੋਕਾਂ ਦੀ ਅਸੰਤੁਸ਼ਟੀ ਦੱਸ ਰਹੇ ਹਨ। ਇਸ ਘੱਟ ਮਤਦਾਨ ਦਾ ਕਿਸ ਨੂੰ ਫਾਇਦਾ ਹੋਵੇਗਾ, ਇਸ ਬਾਰੇ ਕੁਝ ਵੀ ਸਪੱਸ਼ਟ ਨਹੀਂ ਹੈ। ਘੱਟ ਹੋਏ ਮਤਦਾਨ ਨੇ ਸਿਆਸੀ ਆਗੂਆਂ ਵੱਲੋਂ ਕੀਤੀਆਂ ਜਾ ਰਹੀਆਂ ਗਿਣਤੀਆਂ-ਮਿਣਤੀਆਂ ਬਦਲ ਦਿੱਤੀਆਂ ਹਨ। ਅੰਮ੍ਰਿਤਸਰ ਲੋਕ ਸਭਾ ਹਲਕੇ ਵਿੱਚ ਪਿਛਲੀਆਂ ਚੋਣਾਂ ਨਾਲੋਂ ਕਾਫੀ ਘੱਟ ਮਤਦਾਨ ਹੋਇਆ। ਇਸ ਵਾਰ ਲੋਕ ਸਭਾ ਹਲਕੇ ਵਿੱਚ ਸਿਰਫ 56.06 ਫੀਸਦ ਮਤਦਾਨ ਹੋਇਆ। ਸਿਆਸੀ ਵਿਸ਼ਲੇਸ਼ਕਾਂ ਨੇ ਇਸ ਨੂੰ ਵੋਟਰਾਂ ਦੀ ਸਰਕਾਰਾਂ ਪ੍ਰਤੀ ਨਰਾਜ਼ਗੀ ਅਤੇ ਅਸੰਤੁਸ਼ਟੀ ਦਾ ਸੰਕੇਤ ਆਖਿਆ ਹੈ।