ਸਤਵਿੰਦਰ ਬਸਰਾ
ਲੁਧਿਆਣਾ, 29 ਜਨਵਰੀ
ਪੰਜਾਬੀ ਸਾਹਿਤ ਅਕਾਦਮੀ ਦੀਆਂ ਹਰ ਦੋ ਸਾਲ ਬਾਅਦ ਹੋਣ ਵਾਲੀਆਂ ਚੋਣਾਂ ਇਸ ਵਾਰ ਕਰੋਨਾ ਮਹਾਮਾਰੀ ਕਰਕੇ ਚਾਰ ਸਾਲ ਬਾਅਦ ਐਤਵਾਰ 30 ਜਨਵਰੀ ਨੂੰ ਪੰਜਾਬੀ ਭਵਨ ਵਿੱਚ ਹੋ ਰਹੀਆਂ ਹਨ। ਇਨ੍ਹਾਂ ਚੋਣਾਂ ਵਿੱਚ ਸੀਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਦੇ ਇੱਕ-ਇੱਕ ਅਹੁਦੇ ਲਈ, ਮੀਤ ਪ੍ਰਧਾਨਾਂ ਦੇ 5 ਅਤੇ 11 ਪ੍ਰਬੰਧਕੀ ਬੋਰਡ ਦੇ ਮੈਂਬਰਾਂ ਦੀ ਚੋਣ ਲਈ ਵੋਟਾਂ ਪੈਣਗੀਆਂ।
ਲੇਖਕਾਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਵਿੱਚ ਇਸ ਵਾਰ ਬੁੱਕ ਬਾਜ਼ਾਰ, ਲਾਇਬਰੇਰੀ, ਕੰਟੀਨ ਅਤੇ ਪ੍ਰਬੰਧਾਂ ਸਬੰਧੀ ਕਈ ਮੁੱਦੇ ਭਾਰੂ ਰਹੇ। ਇਨ੍ਹਾਂ ਮੁੱਦਿਆਂ ਨੂੰ ਲੈ ਕੇ ਵੱਖ ਵੱਖ ਲੇਖਕਾਂ ਤੇ ਪ੍ਰਬੰਧਕਾਂ ਦੇ ਆਪੋ ਆਪਣੇ ਵਿਚਾਰ ਹਨ, ਪਰ ਅੱਜ ਹੋ ਰਹੀਆਂ ਚੋਣਾਂ ਵਿੱਚ ਲੇਖਕ ਆਪਣੇ ਨੁਮਾਇੰਦਿਆਂ ਦੀ ਚੋਣ ਕਰਕੇ ਅਸਲੀਅਤ ਸਾਰਿਆਂ ਦੇ ਸਾਹਮਣੇ ਲਿਆ ਸਕਦੇ ਹਨ। ਇਨ੍ਹਾਂ ਚੋਣਾਂ ਸਬੰਧੀ ਲੇਖਕਾਂ ਨੇ ਪਿਛਲੇ ਕਈ ਦਿਨਾਂ ਤੋਂ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਹਨ। ਦੂਜੇ ਪਾਸੇ ਲਖਵਿੰਦਰ ਸਿੰਘ ਜੌਹਲ ਸਰਬਸੰਮਤੀ ਨਾਲ ਅਕਾਦਮੀ ਦੇ ਪ੍ਰਧਾਨ ਐਲਾਨੇ ਜਾ ਚੁੱਕੇ ਹਨ। ਹੁਣ ਮੁਕਾਬਲਾ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਡਾ. ਸੁਰਜੀਤ ਸਿੰਘ ਤੇ ਡਾ. ਸ਼ਿਆਮ ਸੁੰਦਰ ਦੀਪਤੀ, ਜਨਰਲ ਸਕੱਤਰ ਲਈ ਡਾ. ਗੁਲਜ਼ਾਰ ਸਿੰਘ ਪੰਧੇਰ ਤੇ ਡਾ. ਗੁਰਇਕਬਾਲ ਸਿੰਘ ਜਦਕਿ ਮੀਤ ਪ੍ਰਧਾਨਾਂ ਲਈ ਡਾ. ਗੁਰਮੀਤ ਕੱਲਰਮਾਜਰੀ, ਸੁਖਦਰਸ਼ਨ ਗਰਗ, ਭਗਵੰਤ ਰਸੂਲਪੁਰੀ, ਸਹਿਜਪ੍ਰੀਤ ਸਿੰਘ ਮਾਂਗਟ, ਤ੍ਰੈਲੋਚਨ ਲੋਚੀ, ਸਿਮਰਤ ਸੁਮੈਰਾ, ਡਾ. ਭਗਵੰਤ ਸਿੰਘ ਆਦਿ ਵਿਚਾਲੇ ਹੋਵੇਗਾ। ਇਸੇ ਤਰ੍ਹਾਂ ਪ੍ਰਬੰਧਕੀ ਬੋਰਡ ਦੇ ਪੰਦਰਾਂ ਮੈਂਬਰਾਂ ਵਿੱਚੋਂ ਚਾਰ ਦੇ ਬਿਨਾਂ ਮੁਕਾਬਲਾ ਜੇਤੂ ਰਹਿਣ ਤੋਂ ਬਾਅਦ ਹੁਣ 11 ਮੈਂਬਰਾਂ ਲਈ ਹਰਦੀਪ ਢਿੱਲੋਂ, ਜਸਵੀਰ ਝੱਜ, ਕਰਮ ਸਿੰਘ ਜ਼ਖਮੀ, ਹਰਬੰਸ ਮਾਲਵਾ, ਸੰਤੋਖ ਸਿੰਘ ਸੁੱਖੀ, ਡਾ. ਗੁਰਮੇਲ ਸਿੰਘ, ਕੇ. ਸਾਧੂ ਸਿੰਘ, ਰੋਜ਼ੀ ਸਿੰਘ, ਬਲਵਿੰਦਰ ਸਿੰਘ, ਗੁਰਸੇਵਕ ਸਿੰਘ ਢਿੱਲੋਂ, ਬਲਦੇਵ ਸਿੰਘ ਝੱਜ ਅਤੇ ਪਰਮਜੀਤ ਸਿੰਘ ਮਾਨ ਸਮੇਤ 12 ਉਮੀਦਵਾਰ ਮੈਦਾਨ ਵਿੱਚ ਹਨ। ਮੁੱਖ ਚੋਣ ਅਧਿਕਾਰੀ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਲੇਖਕਾਂ ਦੀ ਸਹੂਲਤ ਲਈ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਛੇ ਪੋਲਿੰਗ ਬੂਥ ਬਣਾਏ ਗਏ ਹਨ। ਵੋਟਾਂ ਪਾਉਣ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਦਾ ਰੱਖਿਆ ਗਿਆ ਹੈ। ਦੇਰ ਸ਼ਾਮ ਵੋਟਾਂ ਦੀ ਗਿਣਤੀ ਕਰਕੇ ਨਤੀਜੇ ਐਲਾਨ ਦਿੱਤੇ ਜਾਣਗੇ।