ਸੁਰਜੀਤ ਮਜਾਰੀ
ਬੰਗਾ, 3 ਅਗਸਤ
ਖਟਕੜ ਕਲਾਂ ਵਿੱਚ ਸ਼ਹੀਦ-ਏ-ਆਜ਼ਮ ਭਾਗਤ ਸਿੰਘ ਯਾਦਗਾਰੀ ਸਮਾਰਕ ’ਤੇ ਸ਼ਰਧਾਂਜਲੀ ਭੇਟ ਕਰਨ ਪੁੱਜੇ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਕੌਮੀ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਪੰਜਾਬ ’ਚ ਕਿਸਾਨਾਂ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਲੜਨ ਦੀ ਮੁੜ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਚੋਣਾਂ ਲੋਕਾਂ ਦੇ ਸੇਵਾਦਾਰ ਬਣਨ ਲਈ ਲੜੀਆਂ ਜਾਣ। ਸ੍ਰੀ ਚੜੂਨੀ ਨੇ ਕਿਹਾ ਕਿ ਉਹ ਅੱਜ ਵੀ ਸੰਯੁਕਤ ਮੋਰਚੇ ਦੇ ਸੱਚੇ ਸਿਪਾਹੀ ਹਨ। ਮੋਰਚੇ ਦੇ ਕਿਸੇ ਆਗੂ ਨਾਲ ਉਨ੍ਹਾਂ ਦੇ ਮੱਤਭੇਦ ਨਹੀਂ ਹਨ। ਉਹ ਚੋਣਾਂ ਦਾ ਵਿਚਾਰ ਰੱਖ ਕੇ ਲੋਕਾਂ ਨੂੰ ਸਮੇਂ ਦੇ ਜ਼ਾਲਮ ਹਾਕਮਾਂ ਨੂੰ ਚੱਲਦਾ ਕਰਨ ਲਈ ਜਾਗਰੂਕ ਕਰ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸਾਨ ਮੋੋਰਚਾ ਭਾਵੇਂ ਉਨ੍ਹਾਂ ਨੂੰ ਜਿੰਨੀ ਮਰਜ਼ੀ ਵਾਰ ਮੁਅੱਤਲ ਕਰੇ, ਉਹ ਇਸ ਵਿਚਾਰਧਾਰਾ ’ਤੇ ਕਾਇਮ ਰਹਿਣਗੇ।
ਉਨ੍ਹਾਂ ਕਿਹਾ ਕਿ ਸਮਾਜਿਕ ਤਬਦੀਲੀ ਤੇ ਆਰਥਿਕ ਮੁਕਤੀ ਦੀ ਆਸ ਰੱਖ ਕੇ ਇਹ ਚੋਣਾਂ ਲੜੀਆਂ ਜਾਣੀਆਂ ਚਾਹੀਦੀਆਂ ਹਨ। ਇਸ ਨਾਲ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕੇਂਦਰ ’ਤੇ ਵੀ ਜ਼ੋਰ ਪਵੇਗਾ। ਉਨ੍ਹਾਂ ਕਿਹਾ ਕਿ ਲੰਮੇ ਅਰਸੇ ਤੋਂ ਕਾਰਪੋਰੇਟ ਘਰਾਣਿਆਂ ਦੇ ਇਸ਼ਾਰੇ ’ਤੇ ਬਣਨ ਵਾਲੀਆਂ ਸਰਕਾਰਾਂ ਦੀ ਰਵਾਇਤ ਤੋੜਨ ਲਈ ‘ਮਿਸ਼ਨ ਪੰਜਾਬ’ ਤਹਿਤ ਸੱਤਾ ਹਾਸਲ ਕਰ ਕੇ ਦੇਸ਼ ’ਚ ਮਿਸਾਲ ਪੈਦਾ ਕਰਨੀ ਜ਼ਰੂਰੀ ਹੈ। ਇਸ ਤੋਂ ਬਾਅਦ 2024 ਵਿੱਚ ‘ਮਿਸ਼ਨ ਭਾਰਤ’ ਤਹਿਤ ਕੇਂਦਰ ਵਿੱਚ ਵੀ ਲੋਕਾਂ ਦੀ ਆਪਣੀ ਸਰਕਾਰ ਬਣਾਉਣ ਲਈ ਰਾਹ ਪੱਧਰਾ ਹੋ ਜਾਵੇਗਾ। ਇਸ ਮੌਕੇ ਬਸਪਾ ਦੇ ਸਾਬਕਾ ਸੂਬਾਈ ਆਗੂ ਰਸ਼ਪਾਲ ਰਾਜੂ ਵੀ ਸ਼ਾਮਲ ਸਨ।
ਦੇਸ਼ ਬਚਾਉਣ ਲਈ ਪ੍ਰਬੰਧ ਬਦਲਣ ਦੀ ਲੋੜ: ਚੜੂਨੀ
ਗੜ੍ਹਸ਼ੰਕਰ (ਜੋਗਿੰਦਰ ਕੁੱਲੇਵਾਲ): ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਇੱਥੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਨੀਤੀ ਘਾੜਿਆਂ ਨੇ ਹੀ ਦੇਸ਼ ਨੂੰ ਲੁੱਟਿਆ ਹੈ, ਇਸ ਲਈ ਦੇਸ਼ ਨੂੰ ਬਚਾਉਣ ਲਈ ਪ੍ਰਬੰਧ ਬਦਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਕਿਸਾਨ ਮੋਰਚੇ ਦੀ ਮਜ਼ਬੂਤੀ ਲਈ ਸੱਦਾ ਦੇਣ ਦੇ ਨਾਲ ‘ਮਿਸ਼ਨ ਪੰਜਾਬ’ ਸਬੰਧੀ ਵੀ ਜਾਗਰੂਕ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ‘ਮਿਸ਼ਨ ਪੰਜਾਬ’ ਕਿਸੇ ਚੌਧਰ ਲਈ ਨਹੀਂ ਸਗੋਂ ਲੋਕਾਂ ਲਈ ਹੈ। ਲੋਕ 117 ਇਮਾਨਦਾਰ ਚਿਹਰੇ ਲੱਭ ਕੇ ਪੰਜਾਬ ਨੂੰ ਦੇਸ਼ ਵਿੱਚ ਇੱਕ ਮਾਡਲ ਦੇ ਰੂਪ ਵਿੱਚ ਪੇਸ਼ ਕਰਨ ਅਤੇ ਮਗਰੋਂ 2024 ਵਿੱਚ ‘ਮਿਸ਼ਨ ਭਾਰਤ’ ਮੁਹਿੰਮ ਚਲਾਈ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਵਿੱਚ 600 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਸਰਕਾਰ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕੀ। ਹੋਰ ਕਿੰਨਾ ਕੁ ਬਰਦਾਸ਼ਤ ਕੀਤਾ ਜਾਵੇ।