ਚਰਨਜੀਤ ਭੁੱਲਰ
ਚੰਡੀਗੜ੍ਹ, 25 ਅਗਸਤ
ਮੁੱਖ ਅੰਸ਼
- ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣ ਦੀ ਮੰਗ
- ਹਾਈ ਕਮਾਨ ਨਾਲ ਗੱਲ ਕਰਨ ਦਿੱਲੀ ਜਾਣਗੇ ਰਾਵਤ
ਕੁੱਲ ਹਿੰਦ ਕਾਂਗਰਸ ਦੇ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਅੱਜ ਸਿੱਧੂ ਖੇਮੇ ਦੇ ਵਜ਼ੀਰਾਂ ਤੇ ਵਿਧਾਇਕਾਂ ਨਾਲ ਮੀਟਿੰਗ ਤੋਂ ਪਹਿਲਾਂ ਕੂਟਨੀਤਕ ਲਹਿਜੇ ’ਚ ਸਪੱਸ਼ਟ ਕੀਤਾ ਕਿ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੀ ਲੜੀਆਂ ਜਾਣਗੀਆਂ।
ਹਰੀਸ਼ ਰਾਵਤ ਨੇ ਸਿੱਧੂ ਖੇਮੇ ਦੇ ਵਜ਼ੀਰਾਂ ਤੇ ਵਿਧਾਇਕਾਂ ਨਾਲ ਮੀਟਿੰਗ ਮਗਰੋਂ ਕਿਹਾ ਕਿ ਇਹ ਵਜ਼ੀਰ ਅਤੇ ਵਿਧਾਇਕ 2022 ਚੋਣਾਂ ਲਈ ਪਾਰਟੀ ਦੀ ਜਿੱਤ ਵਾਸਤੇ ਸਪੱਸ਼ਟ ਰੂਪ-ਰੇਖਾ ਚਾਹੁੰਦੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਕਾਰਜ ਸ਼ੈਲੀ ’ਤੇ ਉਂਗਲ ਚੁੱਕੀ ਹੈ। ਸ੍ਰੀ ਰਾਵਤ ਨੇ ਕਿਹਾ ਕਿ ਜੇ ਪਾਰਟੀ ਦਾ ਕੋਈ ਵਿਧਾਇਕ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਕਿ ਚੋਣਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਉਸ ਦੀ ਹਾਰ ਲਈ ਕੰਮ ਕਰੇਗਾ ਤਾਂ ਇਹ ਫ਼ਿਕਰ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਉਹ ਅੱਜ ਚੁੱਕੇ ਗਏ ਮੁੱਦਿਆਂ ਨੂੰ ਹਾਈਕਮਾਨ ਕੋਲ ਰੱਖਣ ਲਈ ਦੋ-ਤਿੰਨ ਦਿਨਾਂ ਵਿੱਚ ਦਿੱਲੀ ਜਾਣਗੇ ਤੇ ਜੇ ਲੋੜ ਪਈ ਤਾਂ ਇਨ੍ਹਾਂ ਵਜ਼ੀਰਾਂ ਤੇ ਵਿਧਾਇਕਾਂ ਨੂੰ ਵੀ ਬੁਲਾ ਲਿਆ ਜਾਵੇਗਾ।
ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਧੜੇ ਦੇ ਚਾਰ ਵਜ਼ੀਰਾਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸਰਕਾਰੀਆ, ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਵਿਧਾਇਕ ਬਰਿੰਦਰਜੀਤ ਪਾਹੜਾ, ਸੁਰਜੀਤ ਸਿੰਘ ਧੀਮਾਨ ਅਤੇ ਕੁਲਬੀਰ ਜ਼ੀਰਾ ਨੇ ਦੇਹਰਾਦੂਨ ਵਿੱਚ ਹਰੀਸ਼ ਰਾਵਤ ਨਾਲ ਕਰੀਬ ਢਾਈ ਘੰਟੇ ਮੀਟਿੰਗ ਕੀਤੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਖੁੱਲ੍ਹੀ ਬਗ਼ਾਵਤ ਕਰਨ ਬਾਰੇ ਆਪਣਾ ਪੱਖ ਰੱਖਿਆ। ਉਨ੍ਹਾਂ ਨੇ ਬੀਤੇ ਦਿਨ ਦੋ ਦਰਜਨ ਵਿਧਾਇਕਾਂ ਤੇ ਚਾਰ ਵਜ਼ੀਰਾਂ ਵੱਲੋਂ ਲਏ ਸਟੈਂਡ ਤੋਂ ਵੀ ਉਨ੍ਹਾਂ ਨੂੰ ਜਾਣੂ ਕਰਾਇਆ। ਮੀਟਿੰਗ ਵਿੱਚ 18 ਨੁਕਾਤੀ ਏਜੰਡੇ ਦੀ ਹਕੀਕਤ ਅਤੇ ਮੁੱਖ ਮੰਤਰੀ ਦੇ ਅਕਾਲੀਆਂ ਨਾਲ ਕਥਿਤ ਸਬੰਧਾਂ ਬਾਰੇ ਗੱਲਬਾਤ ਕੀਤੀ ਗਈ।
ਸੂਤਰਾਂ ਅਨੁਸਾਰ ਇਸ ਸੱਤ ਮੈਂਬਰੀ ਟੀਮ ਨੇ ਰਾਵਤ ਕੋਲ ਦੋ ਟੁੱਕ ਲਫ਼ਜ਼ਾਂ ’ਚ ਗੱਲ ਰੱਖੀ ਕਿ ‘ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਬਦਲ ਦਿਓ, ਹੋਰ ਕਿਸੇ ਨੂੰ ਮਰਜ਼ੀ ਮੁੱਖ ਮੰਤਰੀ ਬਣਾ ਦਿਓ।’ ਟੀਮ ਮੈਂਬਰਾਂ ਨੇ ਕਿਹਾ ਕਿ ਇਸ ਤੋਂ ਘੱਟ ਕੁਝ ਮਨਜ਼ੂਰ ਨਹੀਂ ਹੋਵੇਗਾ। ਉਨ੍ਹਾਂ ਇਹ ਵੀ ਆਖਿਆ ਕਿ ਮੁੱਖ ਮੰਤਰੀ ਬਾਰੇ ਫ਼ੈਸਲਾ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਲਿਆ ਜਾਵੇ ਤਾਂ ਜੋ ਕਾਂਗਰਸੀ ਆਗੂ ਲੋਕਾਂ ਦੀ ਕਚਹਿਰੀ ਵਿੱਚ ਜਾ ਸਕਣ। ਵਿਧਾਇਕ ਸੁਰਜੀਤ ਧੀਮਾਨ ਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੀਟਿੰਗ ਮਗਰੋਂ ਕਿਹਾ, ‘ਜੋ ਲੰਘੇ ਦਿਨ ਦਾ ਸਟੈਂਡ ਸੀ, ਉਹੀ ਅੱਜ ਮੀਟਿੰਗ ’ਚ ਰੱਖਿਆ ਹੈ। ਮੁੱਦੇ ਚੁੱਕਦੇ ਰਹਾਂਗੇ ਅਤੇ ਮਸਲਾ ਹੱਲ ਕਰਾਵਾਂਗੇ।’ ਉਨ੍ਹਾਂ ਅੱਜ ਦੀ ਮੀਟਿੰਗ ’ਤੇ ਤਸੱਲੀ ਜ਼ਾਹਰ ਕਰਦਿਆਂ ਕਿਹਾ ਕਿ ਹਰੀਸ਼ ਰਾਵਤ ਇੱਕ-ਦੋ ਦਿਨਾਂ ਤੱਕ ਦਿੱਲੀ ਜਾਣਗੇ ਅਤੇ ਲੋੜ ਪਈ ਤਾਂ ਉਹ ਵੀ ਦਿੱਲੀ ਜਾਣਗੇ।
ਕਾਂਗਰਸੀ ਵਿਧਾਇਕਾਂ ਵੱਲੋਂ ਜੋੜ-ਤੋੜ ਸ਼ੁਰੂ
ਸਿੱਧੂ ਖੇਮੇ ਦੀ ਬਗ਼ਾਵਤ ਮਗਰੋਂ ਕਾਂਗਰਸ ’ਚ ਜੋੜ-ਤੋੜ ਸ਼ੁਰੂ ਹੋ ਗਿਆ ਹੈ। ਲੰਘੇ ਦਿਨ ਬਾਗ਼ੀ ਗਰੁੱਪ ਵਿੱਚ ਸ਼ਾਮਲ ਛੇ ਵਿਧਾਇਕਾਂ ਦੀ ਤਰਫ਼ੋਂ ਮੁੱਖ ਮੰਤਰੀ ਦਫ਼ਤਰ ਨੇ ਪ੍ਰੈੱਸ ਰਿਲੀਜ਼ ਜਾਰੀ ਕਰ ਕੇ ਇਨ੍ਹਾਂ ਵਿਧਾਇਕਾਂ ਦੇ ਮੁੱਖ ਮੰਤਰੀ ਨਾਲ ਖੜ੍ਹੇ ਹੋਣ ਦੀ ਗੱਲ ਕਹੀ ਸੀ। ਇਨ੍ਹਾਂ ਛੇ ਵਿਧਾਇਕਾਂ ’ਚੋਂ ਅੱਜ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਸਪੱਸ਼ਟ ਕੀਤਾ ਕਿ ਉਹ ਨਵਜੋਤ ਸਿੱਧੂ ਨਾਲ ਖੜ੍ਹੇ ਹਨ ਅਤੇ ਉਨ੍ਹਾਂ ਦਾ ਨਾਮ ਮੁੱਖ ਮੰਤਰੀ ਦਫ਼ਤਰ ਨੇ ਬਿਨਾਂ ਸੰਪਰਕ ਕੀਤੇ ਛਾਪ ਦਿੱਤਾ। ਦੂਜੇ ਪਾਸੇ ਅੱਜ ਵਿਧਾਇਕਾ ਸਤਿਕਾਰ ਕੌਰ ਗਹਿਰੀ ਨੇ ਮੋੜਾ ਕੱਟਦਿਆਂ ਮੁੱਖ ਮੰਤਰੀ ਦੇ ਕੈਂਪ ਵਿੱਚ ਖੜ੍ਹੇ ਹੋਣ ਦੀ ਗੱਲ ਆਖੀ ਹੈ।