ਸੁਰਜੀਤ ਮਜਾਰੀ
ਬੰਗਾ, 4 ਫਰਵਰੀ
ਚੋਣ ਕਮਿਸ਼ਨ ਵੱਲੋਂ ਸਿਆਸੀ ਧਿਰਾਂ ਉੱਪਰ ਪ੍ਰਚਾਰ ਸਾਧਨ ਸੀਮਤ ਕਰਨ ਦਾ ਸ਼ਿਕੰਜਾ ਕੱਸੇ ਜਾਣ ਨਾਲ ਕਈਆਂ ਦੇ ਰੁਜ਼ਗਾਰ ਨੂੰ ਸੱਟ ਵੱਜੀ ਹੈ। ਇਸ ਵਾਰ ਛਾਪਾਖਾਨੇ ਪਿਛਲੀਆਂ ਚੋਣਾਂ ਵਾਂਗ ਰਫ਼ਤਾਰ ਨਹੀਂ ਫੜ ਸਕੇ ਤੇ ਚੋਣ ਪ੍ਰਚਾਰ ਸਮੇਂ ਰੁਜ਼ਗਾਰ ਮਿਲਣ ਦੀ ਆਸ ਲਈ ਕਾਮੇ ਵੀ ਉਦਾਸ ਬੈਠੇ ਹਨ। ਇਸ ਦੇ ਨਾਲ ਪੇਂਟਰਾਂ, ਢੋਲੀਆਂ, ਸਾਊਂਡ ਅਤੇ ਟੈਂਟ ਵਾਲਿਆਂ ਨੂੰ ਵੀ ਪਹਿਲਾਂ ਵਾਂਗ ਕੰਮ ਨਹੀਂ ਮਿਲ ਰਿਹਾ। ਚੋਣਾਂ ’ਚ ਉਮੀਦਵਾਰਾਂ ਵੱਲੋਂ ਪ੍ਰਚਾਰ ਲਈ ਵਰਤੇ ਜਾਣ ਵਾਲੇ ਵਾਹਨਾਂ ਦੇ ਚਾਲਕਾਂ ਦੀ ਵੀ ਮੰਦੀ ਲੱਗੀ ਹੋਈ ਹੈ।
ਆਮ ਤੌਰ ’ਤੇ ਚੋਣ ਪ੍ਰਚਾਰ ਲਈ ਕੰਮ ਕਰਨ ਵਾਲਿਆਂ ਨੂੰ ਉਮੀਦਵਾਰ ਇੱਕ ਦੂਜੇ ਤੋਂ ਵੱਧ ਕੇ ਬੁੱਕ ਕਰ ਲੈਂਦੇ ਸਨ ਪਰ ਹੁਣ ਚੋਣਾਂ ’ਚ ਗਿਣਤੀ ਦੇ ਦਿਨ ਰਹਿ ਗਏ ਹਨ, ਪਰ ਹਾਲੇ ਵੀ ਇਨ੍ਹਾਂ ’ਚੋਂ ਬਹੁਤੇ ਵਿਹਲੇ ਬੈਠੇ ਹਨ। ਦਰਅਸਲ ਚੋਣ ਕਮਿਸ਼ਨ ਵੱਲੋਂ ਕਰੋਨਾ ਨੂੰ ਮੁੱਖ ਰੱਖਦਿਆਂ ਇਸ ਵਾਰ ਚੋਣਾਂ ’ਚ ਵੱਡੀਆਂ ਰੈਲੀਆਂ ਅਤੇ ਚੋਣ ਜਲਸਿਆਂ ’ਤੇ ਰੋਕ ਲਾਈ ਹੋਈ ਹੈ, ਜਿਸ ਕਰਕੇ ਚੋਣ ਪ੍ਰਚਾਰ ਦਾ ਕੰਮ ਕਰਨ ਵਾਲੇ ਕਾਮਿਆਂ ਨੂੰ ਕੰਮ ਨਹੀਂ ਮਿਲਿਆ। ਇਸ ਵਾਰ ਚੋਣ ਪ੍ਰਚਾਰ ਲਈ ਪੋਸਟਰ ਤੇ ਹੋਲਡਿੰਗ ਲਗਾਉਣ ’ਤੇ ਵੀ ਪਾਬੰਦੀਆਂ ਲਾਈਆਂ ਗਈਆਂ ਹਨ। ਇਸ ਸਥਿਤੀ ’ਚ ਪ੍ਰਿਟਿੰਗ ਪ੍ਰੈੱਸਾਂ ਅਤੇ ਫਲੈਕਸ ਮਸ਼ੀਨਾਂ ਵਾਲੇ ਵੀ ਮੁਕਾਬਲਤਨ ਵਿਹਲੇ ਨਜ਼ਰ ਆ ਰਹੇ ਹਨ। ਇੱਥੋਂ ਦੇ ਭਟਿਆਰਾ ਬਾਜ਼ਾਰ ’ਚ ਟੈਂਟ ਦਾ ਕੰਮ ਕਰਦੇ ਮਨੀਸ਼ ਭੰਡਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਚੋਣਾਂ ਨੂੰ ਮੁੱਖ ਰੱਖਦਿਆਂ ਟੈਂਟ ਦਾ ਕਾਫ਼ੀ ਸਾਮਾਨ ਨਵਾਂ ਤਿਆਰ ਕੀਤਾ ਸੀ, ਪਰ ਚੋਣ ਜ਼ਾਬਤੇ ਨਾਲ ਉਮੀਦਾਂ ’ਤੇ ਪਾਣੀ ਫਿਰ ਗਿਆ ਹੈ। ਇਵੇਂ ਵਿਜੈ ਸਾਊਂਡ ਸਰਵਿਸ ਦੇ ਮਾਲਕ ਵਿਜੈ ਕੁਮਾਰ ਦਾ ਕਹਿਣ ਸੀ ਕਿ ਇਸ ਵਾਰ ਅਜੇ ਤੱਕ ਉਨ੍ਹਾਂ ਨੂੰ ਕਿਸੇ ਵੀ ਉਮੀਦਵਾਰ ਵੱਲੋਂ ਸਾਊਂਡ ਲਈ ਬੁਕਿੰਗ ਨਹੀਂ ਹੋਈ, ਜਦਕਿ ਪਹਿਲਾਂ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਆਡਰ ਮਿਲ ਜਾਂਦੇ ਸਨ। ਇਸ ਦੇ ਨਾਲ ਬਾਜ਼ਾਰਾਂ-ਮੁਹੱਲਿਆਂ ’ਚ ਘੁੰਮ ਕੇ ਪ੍ਰਚਾਰ ਕਰਨ ਵਾਲੇ ਰਿਕਸ਼ੇ ਅਤੇ ਆਟੋ ਵੀ ਰੋਕ ਦਿੱਤੇ ਗਏ ਹਨ। ਇਨ੍ਹਾਂ ਰਿਕਸ਼ੇ/ਆਟੋ ਵਾਲਿਆਂ ਦੇ ਨਾਲ ਸਪੀਕਰ ਰਾਹੀਂ ਬੋਲ ਕੇ ਅਪੀਲ ਕਰਨ ਵਾਲੇ ਅਨਾਊਂਸਰਾਂ ਨੂੰ ਵੀ ਕੰਮ ਨਹੀਂ ਮਿਲ ਸਕਿਆ।
ਦੀਵਾਰਾਂ ਉੱਤੇ ਹੱਥੀ ਇਬਾਰਤ ਲਿਖਣ ਦਾ ਕੰਮ ਕਰਨ ਵਾਲੇ ਜਸਵਿੰਦਰ ਪੇਂਟਰ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਇਸ ਵਾਰ ਦੀਵਾਰਾਂ ਉੱਪਰ ਲਿਖਣ ਦੀ ਵੀ ਸਖ਼ਤ ਮਨਾਹੀ ਕੀਤੀ ਹੋਈ ਹੈ, ਜਿਸ ਕਾਰਨ ਉਨ੍ਹਾਂ ਨੂੰ ਇਸ ਵਾਰ ਕਿਸੇ ਵੀ ਉਮੀਦਵਾਰ ਵੱਲੋਂ ਕੰਮ ਨਹੀਂ ਦਿੱਤਾ ਗਿਆ। ਦੂਜੇ ਬੰਨੇ ਝੰਡਿਆਂ ਤੇ ਬੈਨਰਾਂ ਦੀ ਸਿਲਾਈ ਕਰਨ ਵਾਲੇ ਵੀ ਇਸ ਵਾਰ ਕੰਮ ਤੋਂ ਸੱਖਣੇ ਕਰ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਇਸ ਵਾਰ ਉਮੀਦਵਾਰਾਂ ਦੇ ਸਮਰਥਕਾਂ ਦੀਆਂ ਪ੍ਰਚਾਰ ਟੋਲੀਆਂ ਵੱਲੋਂ ਵੰਡੇ ਜਾਣ ਵਾਲੇੇ ਪੈਂਫਲਿਟ ਤੇ ਬੈਜ ਵੀ ਘੱਟ ਹੀ ਦੇਖੇ ਜਾ ਰਹੇ ਹਨ ਤੇ ਇਨ੍ਹਾਂ ਪੈਂਫਲਿਟਾਂ ਨੂੰ ਛਾਪਣ ਵਾਲੇ ਸਕਰੀਨ ਪ੍ਰਿੰਟਰ ਅਤੇ ਬੈਜ ਬਣਾਉਣ ਵਾਲੇ ਡਾਈ ਮੇਕਰ ਵੀ ਉਕਤ ਹਾਲਾਤ ਦੇ ਸ਼ਿਕਾਰ ਹੋਏ ਹਨ।