ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਦਸੰਬਰ
ਕੈਨੇਡਾ ਦੇ ਸਾਹਿਤਕਾਰਾਂ, ਕਲਾਕਾਰਾਂ, ਰੰਗਕਰਮੀਆਂ, ਖਿਡਾਰੀਆਂ, ਨਸਲਵਾਦ ਵਿਰੋਧੀ ਕਾਰਕੁਨਾਂ, ਤਰਕਸ਼ੀਲਾਂ ਅਤੇ ਸਮਾਜ ਸੇਵੀਆਂ ਦੀਆਂ ਗਿਆਰਾਂ ਜਥੇਬੰਦੀਆਂ ਨੇ ਅੱਜ ਪ੍ਰੈੱਸ ਬਿਆਨ ਜਾਰੀ ਕਰਦਿਆਂ ਭਾਰਤੀ ਕਿਸਾਨ ਅੰਦੋਲਨ ਦੀ ਡਟਵੀਂ ਹਮਾਇਤ ਕੀਤੀ ਹੈ। ਇਨ੍ਹਾਂ ਵਿੱਚ ਪਾਸ਼ ਕੌਮਾਂਤਰੀ ਟਰੱਸਟ, ਪੰਜਾਬੀ ਸਾਹਿਤਕ ਅਤੇ ਸੱਭਿਆਚਾਰਕ ਵਿਚਾਰ ਮੰਚ ਸਰ੍ਹੀ, ਵਤਨੋਂ ਦੂਰ ਆਰਟ ਫਾਊਂਡੇਸ਼ਨ ਸਰ੍ਹੀ, ਸ਼ਬਦ ਲੋਕ ਸਰ੍ਹੀ, ਸ਼ਹੀਦ ਊਧਮ ਸਿੰਘ ਹੈਲਪਿੰਡ ਹੈਂਡ ਫਾਊਂਡੇਸ਼ਨ ਸਰ੍ਹੀ, ਤਰਕਸ਼ੀਲ ਸੱਭਿਆਚਾਰਕ ਸੁਸਾਇਟੀ ਆਫ ਕੈਨੇਡਾ, ਗਲੋਬਲ ਪੰਜਾਬ ਫਾਊਂਡੇਸ਼ਨ ਵੈਨਕੂਵਰ ਚੈਪਟਰ, ਈਸਟ ਇੰਡੀਅਨ ਡੀਫੈਂਸ ਕਮੇਟੀ, ਪੰਜਾਬ ਸਪੋਰਟਸ ਕਲੱਬ ਕੈਮਲੂਪਸ, ਕੈਮਲੂਪਸ ਫਰੈਂਡਜ਼ ਕਲੱਬ ਅਤੇ ਇੰਡੀਆ ਕਿਸਾਨ: ਇਕ ਕੈਮਲੂਸ ਜਥੇਬੰਦੀਆਂ ਸ਼ਾਮਲ ਹਨ। ਇਹ ਜਾਣਕਾਰੀ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਕਨਵੀਨਰ ਡਾ. ਸੁਰਿੰਦਰ ਧੰਜਲ ਤੇ ਹੋਰਨਾਂ ਨੇ ਦਿੱਤੀ ਹੈ। ਆਗੂਆਂ ਨੇ ਸਾਂਝੇ ਤੌਰ ’ਤੇ ਭਾਰਤ ਸਰਕਾਰ ਦੇ ਅੜੀਅਲ ਰਵੱਈਏ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਤੁਰੰਤ ਪ੍ਰਵਾਨ ਕਰ ਲੈਣੀਆਂ ਚਾਹੀਦੀਆਂ ਹਨ।
ਪਟਿਆਲਾ (ਨਿੱਜੀ ਪੱਤਰ ਪ੍ਰੇਰਕ): ਸਿੱਖ ਬੁੱਧੀਜੀਵੀ ਕੌਂਸਲ ਵੱਲੋਂ ਦਿੱਲੀ ਕਿਸਾਨ ਸੰਘਰਸ਼ ਦੀ ਹਮਾਇਤ ਕਰਦਿਆਂ ਫ਼ੈਸਲਾ ਲਿਆ ਹੈ ਕਿ ਪੰਜਾਬ ਦੇ ਬੁੱਧੀਜੀਵੀ ਵਰਗ ਦੇ ਸਮੂਹ ਬੁੱਧੀਜੀਵੀ, ਪ੍ਰੋਫੈਸਰ, ਵਕੀਲ, ਸੇਵਾ ਮੁਕਤ ਅਫ਼ਸਰਾਂ ਸਮੇਤ ਸਾਰੇ ਦਿੱਲੀ ਦੇ ਧਰਨੇ ’ਤੇ ਬੈਠਣਗੇ। ਕੌਂਸਲ ਦੇ ਪ੍ਰਧਾਨ ਪ੍ਰੋ. ਬਲਦੇਵ ਸਿੰਘ ਬੱਲੂਆਣਾ ਦੀ ਅਗਵਾਈ ਹੇਠ ਹੋਈ ਬੈਠਕ ਵਿੱਚ ਕਿਸਾਨਾਂ ਦੇ ਹੱਕ ’ਚ ਮਤਾ ਪਾਸ ਕੀਤਾ।