ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 26 ਦਸੰਬਰ
ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਅਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਅੱਜ ਵੱਡੀ ਗਿਣਤੀ ਸੰਗਤਾਂ ਨਤਮਸਤਕ ਹੋਈਆਂ।
ਇਸ ਮੌਕੇ ਦੀਵਾਨ ਟੋਡਰ ਮੱਲ ਹਾਲ ਵਿਚ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ਵਿਚ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਿੱਖ ਬੀਬੀਆਂ ਨੂੰ ਕਿਹਾ ਕਿ ਉਹ ਬੱਚਿਆਂ ਤੇ ਨੌਜਵਾਨਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ। ਉਨ੍ਹਾਂ ਇਤਿਹਾਸਕ ਹਵਾਲੇ ਦਿੰਦਿਆਂ ਕਿਹਾ ਕਿ ਗੁਰੂ ਸਾਹਿਬਾਨ ਨੇ ਔਰਤਾਂ ਨੂੰ ਸਮਾਜ ਅੰਦਰ ਬਰਾਬਰ ਦਰਜਾ ਦਿੱਤਾ। ਇਸ ਕਰ ਕੇ ਅੱਜ ਬੀਬੀਆਂ ਨੂੰ ਆਪਣੇ ਇਤਿਹਾਸ ਨਾਲ ਜੁੜ ਕੇ ਮਾਤਾ ਗੁਜਰੀ ਦੀ ਸੋਚ ’ਤੇ ਪਹਿਰਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮਾਤਾ ਗੁਜਰੀ ਨੇ ਆਪਣੇ ਛੋਟੇ ਲਾਲਾਂ ਨੂੰ ਸਿੱਖੀ ਸਿਦਕ ਤੇ ਦ੍ਰਿੜਤਾ ਦਾ ਪਾਠ ਪੜ੍ਹਾਇਆ, ਅੱਜ ਹਰ ਮਾਂ ਦਾ ਫ਼ਰਜ਼ ਹੈ ਕਿ ਉਹ ਬੱਚਿਆਂ ਨੂੰ ਗੁਰਮਤਿ ਫਲਸਫੇ ਨਾਲ ਜੋੜੇ। ਉਨ੍ਹਾਂ ਭਲਕੇ ਨਗਰ ਕੀਰਤਨ ਦੀ ਸਮਾਪਤੀ ਮੌਕੇ ਦੁਪਹਿਰ ਇਕ ਵਜੇ ਹੋਣ ਵਾਲੀ ਅਰਦਾਸ ਦਾ ਸਮੁੱਚੇ ਸਿੱਖ ਜਗਤ ਨੂੰ ਹਿੱਸਾ ਬਣਨ ਦੀ ਅਪੀਲ ਵੀ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਹਰਜਿੰਦਰ ਕੌਰ ਚੰਡੀਗੜ੍ਹ ਅਤੇ ਪਰਮਜੀਤ ਕੌਰ ਆਨੰਦਪੁਰ ਸਾਹਿਬ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮੁੱਖ ਗ੍ਰੰਥੀ ਗਿਆਨੀ ਹਰਪਾਲ ਸਿੰਘ, ਅੰਤ੍ਰਿੰਗ ਮੈਂਬਰ ਸਤਵਿੰਦਰ ਸਿੰਘ ਟੌਹੜਾ, ਅਜਮੇਰ ਸਿੰਘ ਖੇੜਾ, ਬਲਦੇਵ ਸਿੰਘ ਚੂੰਘਾਂ, ਕੁਲਦੀਪ ਕੌਰ ਟੌਹੜਾ, ਕਰਨੈਲ ਸਿੰਘ ਪੰਜੋਲੀ, ਅਵਤਾਰ ਸਿੰਘ ਰਿਆ, ਰਾਵਿੰਦਰ ਸਿੰਘ ਖ਼ਾਲਸਾ, ਰਣਜੀਤ ਕੌਰ ਮਾਹਿਲਪੁਰ, ਪਰਮਜੀਤ ਕੌਰ ਲਾਂਡਰਾਂ, ਜੋਗਿੰਦਰ ਕੌਰ ਬਠਿੰਡਾ, ਬਲਜੀਤ ਸਿੰਘ ਜਲਾਲਉਸਮਾ, ਡਾ. ਤੇਜਿੰਦਰ ਕੌਰ ਧਾਲੀਵਾਲ, ਸਤਵੰਤ ਕੌਰ, ਡਾ. ਕੰਵਲਜੀਤ ਕੌਰ ਹਾਜ਼ਰ ਸਨ।