ਸਰਬਜੀਤ ਸਿੰਘ ਭੰਗੂ
ਪਟਿਆਲਾ, 6 ਜੂਨ
‘ਕੌਮੀ ਕਿਸਾਨ ਸੰਘਰਸ਼ ਤਾਲਮੇਲ ਕਮੇਟੀ’ ਦੇ ਨੁਮਾਇੰਦੇ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਦੋ ਦਿਨ ਪਹਿਲਾਂ ਕੇਂਦਰ ਸਰਕਾਰ ਨੇ ਜਿਹੜੇ ਕਿਸਾਨ ਅਤੇ ਖੇਤੀ ਵਿਰੋਧੀ ਤਿੰਨ ਆਰਡੀਨੈਂਸ ਪਾਸ ਕੀਤੇ ਸਨ, ਛੇ ਸ਼ਹੀਦ ਕਿਸਾਨ ਆਗੂਆਂ ਲਈ ਦੇਸ਼ ਪੱਧਰ ’ਤੇ ਸ਼ਰਧਾਂਜਲੀ ਸਮਾਗਮਾਂ ਤੋਂ ਕੁਝ ਘੰਟੇ ਪਹਿਲਾਂ ਹੀ ਰਾਸ਼ਟਰਪਤੀ ਨੇ ਸਹੀ ਪਾ ਕੇ ਊਨ੍ਹਾਂ ਨੂੰ ਐਕਟ ਦਾ ਦਰਜਾ ਦੇ ਦਿੱਤਾ ਹੈ। ਊਨ੍ਹਾਂ ਕਿਹਾ ਕਿ ਹਕੂਮਤਾਂ ਦੇ ਅਜਿਹੇ ਹੱਲਿਆਂ ਖ਼ਿਲਾਫ਼ ਸਾਂਝੇ ਸੰਘਰਸ਼ਾਂ ਦੀ ਸਖ਼ਤ ਲੋੜ ਹੈ।
ਕਿਸਾਨ ਨੇਤਾ ਨੇ ਅੱਜ ਇੱਥੇ ਕਿਹਾ ਕਿ ਭਾਵੇਂ ਕਿ ਕੇਂਦਰ ’ਚ ਪਹਿਲਾਂ ਹੀ ਕਿਸਾਨ ਤੇ ਖੇਤੀ ਵਿਰੋਧੀ ਵਰਤਾਰਾ ਸੀ, ਪਰ ਅੱਜ ਜਦੋਂ ਕਿਸਾਨ ਦੇਸ਼ ਵਿਚਲੇ 23 ਸੂਬਿਆਂ ਤੇ ਪੰਜਾਬ ਦੇ 20 ਜ਼ਿਲ੍ਹਿਆਂ ’ਚ ਆਪਣੇ ਸਾਥੀ ਸ਼ਹੀਦ ਕਿਸਾਨਾਂ ਨਮਿਤ ਸ਼ਰਧਾਂਜਲੀ ਸਮਾਗਮਾਂ ਕਰ ਰਹੇ ਸਨ, ਤਾਂ ਕੇਂਦਰ ਵੱਲੋਂ ਪਾਸ ਕੀਤੇ ਗਏ ਆਰਡੀਨੈਂਸਾਂ ’ਤੇ ਰਾਸ਼ਟਰਪਤੀ ਵੱਲੋਂ ਦਸਤਖ਼ਤ ਕਰਨ ਦਾ ਪਤਾ ਲੱਗਣ ’ਤੇ ਉਨ੍ਹਾਂ ਨੂੰ ਹੋਰ ਵੀ ਵੱਡਾ ਦੁੱਖ ਹੋਇਆ। ਊਨ੍ਹਾਂ ਅਨੁਸਾਰ ਰਾਸ਼ਟਰਪਤੀ ਦੀ ਇਹ ਕਾਰਵਾਈ ਨਾ ਸਿਰਫ਼ ਕਿਸਾਨਾਂ ਨੂੰ ਜਲੀਲ ਕਰਨ, ਬਲਕਿ ਉਨ੍ਹਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਦੇ ਤੁੱਲ ਵੀ ਹੈ।
ਜਗਮੋਹਨ ਸਿੰਘ ਨੇ ਦੱਸਿਆ ਕਿ ਨਵੇਂ ਕਾਨੂੰਨ ਪਾਸ ਕਰਨ ਮੌਕੇ ਸੂਬਾ ਸਰਕਾਰਾਂ, ਖਾਸ ਕਰਕੇ ਖੇਤੀ ਪ੍ਰਧਾਨ ਸੂਬੇ ਪੰਜਾਬ ਸਰਕਾਰ ਦੀ ਵੀ ਕੋਈ ਰਾਇ ਤੱਕ ਨਾ ਲੈਣਾ ਵੀ ਮੰਦਭਾਗਾ ਅਤੇ ਤਾਨਾਸ਼ਾਹੀ ਵਾਲਾ ਰਵੱਈਆ ਅਪਣਾਊਣ ਵਾਲਾ ਵਰਤਾਰਾ ਹੈ।