ਸਰਬਜੀਤ ਸਿੰਘ ਭੰਗੂ
ਪਟਿਆਲਾ, 29 ਅਕਤੂਬਰ
ਮੁਲਾਜ਼ਮਾਂ ਦੀਆਂ ਸਾਂਝੀਆਂ ਮੰਗਾਂ ਸਬੰਧੀ ਅੱਜ ‘ਦਿ ਕਲਾਸ ਫੌਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ’, ‘ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ’ ਦੇ ਵਫ਼ਦ ਦੀ ਮੀਟਿੰਗ ਖੋਜ ਅਤੇ ਮੈਡੀਕਲ ਸਿੱਖਿਆ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਅਵਨੀਸ਼ ਕੁਮਾਰ ਨਾਲ ਹੋਈ। ਇਸ ਮੀਟਿੰਗ ਨੂੰ ਜਿੱਥੇ ਮੁਲਾਜ਼ਮ ਵਫ਼ਦ ਹਾਂ-ਪੱਖੀ ਦੱਸ ਰਿਹਾ ਹੈ, ਉੱਥੇ ਹੀ ਸੁਪਰੀਮ ਕੋਰਟ ਦੇ 2011 ਦੇ ਫ਼ੈਸਲੇ ਦੇ ਹਵਾਲੇ ਨਾਲ ਕੱਚੇ ਕਾਮਿਆਂ ਨੂੰ ਪੱਕੇ ਕਰਨ ’ਤੇ ਵੀ ਸਹਿਮਤੀ ਬਣੀ ਹੈ। ਸਰਕਾਰੀ ਰਾਜਿੰਦਰਾ ਹਸਪਤਾਲ ਤੇ ਗੌਰਮਿੰਟ ਮੈਡੀਕਲ ਕਾਲਜ ਪਟਿਆਲਾ ਦੇ ਮੁਲਾਜ਼ਮਾਂ ’ਤੇ ਆਧਾਰਿਤ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ ਬੰਗਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਕੱਚੇ ਕਾਮੇ ਪੱਕੇ ਕਰਨ ਲਈ ਸੁਪਰੀਮ ਕੋਰਟ ਦੇ 2011 ਦੇ ਫ਼ੈਸਲੇ ਨੂੰ ਆਧਾਰ ਬਣਾਉਂਦਿਆਂ ਕਰਮਚਾਰੀਆਂ ਨੂੰ ਰੈਗੂਲਰ ਕਰਨ, ਠੇਕੇ ਅਤੇ ਆਊਟਸੋਰਸ ਕਰਮਚਾਰੀਆਂ ਨੂੰ ਘੱਟੋ-ਘੱਟ ਤਨਖਾਹ 9800 ਰੁਪਏ ਮਹੀਨਾ ਦੇਣ ’ਤੇ ਵੀ ਸਹਿਮਤੀ ਬਣੀ। ਇਸੇ ਤਰ੍ਹਾਂ ਤਰਸ ’ਤੇ ਆਧਾਰਿਤ ਕੇਸਾਂ ਦਾ ਨਿਪਟਾਰਾ ਪਹਿਲ ਦੇ ਆਧਾਰ ’ਤੇ ਕਰਨ, ਲਈ ਰੀਵਿਊ ਮੀਟਿੰਗਾਂ ਕਰਨ ’ਤੇ ਵੀ ਸਹਿਮਤੀ ਬਣੀ।
ਪੰਜਾਬ ਭਰ ਦੇ ਇੰਜਨੀਅਰਾਂ ਨੇ ਸਮੂਹਿਕ ਛੁੱਟੀ ਲੈ ਕੇ ਰੋਸ ਪ੍ਰਗਟਾਇਆ
ਚੰਡੀਗੜ੍ਹ (ਕੁਲਦੀਪ ਸਿੰਘ): ਪੁੱਡਾ ਇੰਜਨੀਅਰਾਂ ਦੇ ‘ਡੈਪੂਟੇਸ਼ਨ ਵਿਰੋਧੀ ਫਰੰਟ’ ਦੇ ਸੱਦੇ ’ਤੇ ਗਮਾਡਾ ਅਤੇ ਪੁੱਡਾ ਅਧੀਨ ਆਉਂਦੀਆਂ ਪੰਜਾਬ ਵਿਚਲੀਆਂ ਹੋਰ ਅਥਾਰਿਟੀਆਂ ਵਿੱਚ ਡੈਪੂਟੇਸ਼ਨ ’ਤੇ ਤਾਇਨਾਤ ਇੰਜਨੀਅਰਾਂ ਨੂੰ ਵਾਪਸ ਭੇਜਣ ਦੀ ਮੰਗ ਨਾ ਮੰਨੇ ਜਾਣ ਦੇ ਰੋਸ ਵਜੋਂ ਅੱਜ ਪੰਜਾਬ ਭਰ ਦੇ ਪੁੱਡਾ ਇੰਜਨੀਅਰ ਛੁੱਟੀ ’ਤੇ ਰਹੇ। ਅੱਜ ਇੰਜਨੀਅਰਾਂ ਦੇ ਦਫ਼ਤਰਾਂ ਵਿੱਚ ਸਿਰਫ਼ ਗ਼ੈਰ-ਤਕਨੀਕੀ ਕਰਮਚਾਰੀ ਹੀ ਹਾਜ਼ਰ ਰਹੇ। ਫਰੰਟ ਵੱਲੋਂ ਦਿੱਤੇ ਗਏ 29 ਅਤੇ 30 ਅਕਤੂਬਰ ਨੂੰ ਸਮੂਹਿਕ ਛੁੱਟੀ ਦੇ ਸੱਦੇ ਤਹਿਤ ਅੱਜ ਪਹਿਲੇ ਦਿਨ ਜੂਨੀਅਰ ਇੰਜਨੀਅਰਾਂ ਤੋਂ ਲੈ ਕੇ ਐੱਸਡੀਓ, ਐਕਸੀਅਨ, ਨਿਗਰਾਨ ਇੰਜਨੀਅਰਾਂ ਅਤੇ ਚੀਫ਼ ਇੰਜਨੀਅਰਾਂ ਦੇ ਸਾਰੇ ਦਫ਼ਤਰ ਬੰਦ ਰਹੇ।