ਕੁਲਦੀਪ ਸਿੰਘ
ਚੰਡੀਗੜ੍ਹ, 11 ਜੁਲਾਈ
ਐੱਸਸੀ-ਬੀਸੀ ਮੁਲਾਜ਼ਮ ਤੇ ਲੋਕ ਏਕਤਾ ਫਰੰਟ ਪੰਜਾਬ ਨੇ ਸਾਂਝੇ ਤੌਰ ’ਤੇ ਮੁਲਾਜ਼ਮ ਅਤੇ ਦਲਿਤ ਮੁੱਦਿਆਂ ਸਬੰਧੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਰਿਹਾਇਸ਼ਾਂ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਕਨਵੀਨਰ ਅਵਤਾਰ ਕੈਂਥ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਸਿੱਖਿਆ ਵਿਭਾਗ, ਸਿਹਤ ਵਿਭਾਗ, ਜਲ ਸਰੋਤ ਵਿਭਾਗ, ਬਿਜਲੀ ਬੋਰਡ (ਪੀਸੀਪੀਸੀਐੱਲ), ਮੰਡੀਕਰਨ ਬੋਰਡ, ਜੰਗਲਾਤ ਵਿਭਾਗ, ਪਸ਼ੂ ਪਾਲਣ ਵਿਭਾਗ ਅਤੇ ਪੀਆਰਟੀਸੀ ਵਿਭਾਗਾਂ ਦੇ ਕਨਵੀਨਰ ਸ਼ਾਮਲ ਹੋਏ। ਮੁਲਾਜ਼ਮ ਆਗੂਆਂ ਨੇ ਰਾਖਵਾਂਕਰਨ ਲਾਗੂ ਨਾ ਕਰਨ, 85ਵੀਂ ਸੋਧ ਲਾਗੂ ਨਾ ਕਰਨ ਅਤੇ 10 ਅਕਤੂਬਰ 2014 ਵਾਲੇ ਗੈਰ-ਸੰਵਿਧਾਨਕ ਪੱਤਰ ਰੱਦ ਨਾ ਕਰਨ ਸਮੇਤ ਹੋਰ ਮੰਗਾਂ ਸਬੰਧੀ ਹੋ ਰਹੀ ਅਣਦੇਖੀ ਪ੍ਰਤੀ ਸਰਕਾਰ ਦੀ ਨਿਖੇਧੀ ਕੀਤੀ। ਕਨਵੀਨਰ ਬਲਜੀਤ ਸਿੰਘ ਸਲਾਣਾ ਤੇ ਅਵਤਾਰ ਕੈਂਥ ਨੇ ਕਿਹਾ ਕਿ ਜਿਹੜੇ ਵਾਅਦੇ ਕਰ ਕੇ ਸਰਕਾਰ ਸੱਤਾ ਵਿੱਚ ਆਈ ਸੀ, ਉਨ੍ਹਾਂ ’ਚੋਂ ਕੋਈ ਵੀ ਪੂਰਾ ਨਹੀਂ ਹੋਇਆ। ਮੰਤਰੀ ਸਾਧੂ ਸਿੰਘ ਧਰਮਸੋਤ ’ਤੇ ਐੱਸਸੀ ਬੱਚਿਆਂ ਦੇ ਵਜ਼ੀਫ਼ਿਆਂ ’ਚ ਘਪਲੇ ਕਰਨ ਦੇ ਦੋਸ਼ ਲੱਗ ਰਹੇ ਹਨ। ਸਰਕਾਰ ਨੇ ਇਸ ਸਬੰਧੀ ਸਪੱਸ਼ਟੀਕਰਨ ਦੇਣ ਜਾਂ ਬੱਚਿਆਂ ਨੂੰ ਵਜ਼ੀਫ਼ੇ ਦੇ ਕੇ ਇਨਸਾਫ਼ ਦੇਣ ਦੀ ਥਾਂ ਸਕੱਤਰ ਭਲਾਈ ਵਿਭਾਗ ਨੂੰ ਹੀ ਬਦਲ ਦਿੱਤਾ। ਇਸੇ ਦੇ ਰੋਸ ਵਜੋਂ ਉਨ੍ਹਾਂ 17 ਜੁਲਾਈ ਨੂੰ ਜ਼ਿਲ੍ਹਾ ਪੱਧਰੀ ਤਿਆਰੀ ਮੀਟਿੰਗ, ਸੱਤ ਅਗਸਤ ਨੂੰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਨਾਭਾ ਰਿਹਾਇਸ਼ ਦਾ ਘਿਰਾਓ ਤੇ 29 ਅਗਸਤ ਨੂੰ ਮੁੱਖ ਮੰਤਰੀ ਦੀ ਪਟਿਆਲਾ ਰਿਹਾਇਸ਼ ਦਾ ਘਿਰਾਓ ਕਰਨ ਦਾ ਫ਼ੈਸਲਾ ਕੀਤਾ ਹੈ।