ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਨਵੰਬਰ
ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੱਖ ਜਥੇਬੰਦੀਆਂ (ਐਂਪਲਾਈਜ਼ ਫੈਡਰੇਸ਼ਨ ਏਟਕ, ਐਂਪਲਾਈਜ਼ ਫੈਡਰੇਸ਼ਨ ਚਾਹਲ, ਆਈਟੀਆਈ ਐਂਪਲਾਈਜ਼ ਐਸੋਸੀਏਸ਼ਨ ਤੇ ਐਂਪਲਾਈਜ਼ ਫੈਡਰੇਸਨ ਪਾਵਰਕੌਮ ਤੇ ਟਰਾਂਸਕੋ) ਆਧਾਰਿਤ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ ’ਤੇ ਸੂਬੇ ਦੇ ਬਿਜਲੀ ਮੁਲਾਜ਼ਮਾਂ ਨੇ ਆਪਣੀਆਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਬਿਜਲੀ ਨਿਗਮ ਕਾਰਪੋਰੇਸ਼ਨ ਦੇ ਤਿੰਨੋਂ ਗੇਟਾਂ ਨੂੰ ਤਾਲੇ ਜੜ ਕੇ ਰੋਸ ਪ੍ਰਦਰਸ਼ਨ ਕੀਤਾ। ਮੰਚ ਦੇ ਸੂਬਾਈ ਕਨਵੀਨਰ ਹਰਭਜਨ ਸਿੰਘ ਪਿਲਖਣੀ, ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆਂ ਅਤੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ ਮੈਨੇਜਮੈਂਟ ਮੀਟਿੰਗਾਂ ਕਰਕੇ ਮੰਗਾਂ ਮੰਨ ਲੈਂਦੀ ਹੈ, ਪਰ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ। ਉਨ੍ਹਾਂ ਆਖਿਆ ਕਿ 26 ਅਕਤੂਬਰ ਨੂੰ ਮੈਨੇਜਮੈਂਟ ਨੇ ਨਵੰਬਰ ਦੀ ਤਨਖਾਹ ਨਵੇਂ ਸਕੇਲਾਂ ਮੁਤਾਬਿਕ ਜਾਰੀ ਕਰਨ, ਲਾਈਨਮੈਨ ਤੋਂ ਜੇਈ ਸਮੇਤ ਸਾਰੇ ਵਰਗਾਂ ਦੇ ਮੁਲਾਜ਼ਮਾਂ ਦੀਆਂ ਤਰੱਕੀਆਂ ਕਰਨ, 23 ਸਾਲਾਂ ਪ੍ਰਮੋਸ਼ਨ ਸਕੇਲ, ਕੱਚੇ ਕਾਮਿਆਂ ਨੂੰ ਪੱਕਾ ਕਰਨ, ਮ੍ਰਿਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਨੌਕਰੀਆਂ ਦੇਣਾ ਆਦਿ ਮੰਗਾਂ 10 ਨਵੰਬਰ ਤੱਕ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਪਰ 9 ਨਵੰਬਰ ਦੀ ਮੀਟਿੰਗ ਵਿੱਚ ਮੈਨੇਜਮੈਂਟ ਨੇ ਇਨਕਾਰ ਕਰ ਦਿੱਤਾ ਹੈ। ਬੁਲਾਰੇ ਮਨਜੀਤ ਸਿੰਘ ਚਾਹਲ ਨੇ ਕਿਹਾ ਕਿ ਜੇਕਰ ਮੁਲਾਜ਼ਮਾਂ ਦੀਆਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ 22 ਤੋਂ 26 ਨਵੰਬਰ ਤੱਕ 24 ਘੰਟੇ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਅੱਗੇ ਸੰਘਰਸ਼ ਤੇਜ਼ ਕਰ ਦਿੱਤਾ ਜਾਵੇਗਾ। ਇਸ ਮੌਕੇ ਜਰਨੈਲ ਸਿੰਘ ਚੀਮਾ, ਮਹਿੰਦਰ ਸਿੰਘ, ਨਰਿੰਦਰ ਸੈਣੀ, ਪੂਰਨ ਸਿੰਘ ਖਾਈ, ਦਵਿੰਦਰ ਸਿੰਘ, ਸੁਰਿੰਦਰ ਪਾਲ ਲਾਹੌਰੀਆ, ਮਹਿੰਦਰ ਸਿੰਘ ਤੇ ਹੋਰ ਹਾਜ਼ਰ ਸਨ।