ਸਰਬਜੀਤ ਸਿੰਘ ਭੰਗੂ/ ਪਰਮਜੀਤ ਸਿੰਘ
ਪਟਿਆਲਾ/ ਫ਼ਾਜ਼ਿਲਕਾ, 22 ਜੁਲਾਈ
ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਰਵੱਈਏ ਖਾਸ ਕਰਕੇ ਪੁਨਰਗਠਨ ਦੇ ਨਾਮ ‘ਤੇ ਅਸਾਮੀਆਂ ਖ਼ਤਮ ਕਰਨ ਅਤੇ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਨੂੰ ਕੇਂਦਰ ਸਰਕਾਰ ਦੀ ਤਰਜ਼ ‘ਤੇ ਤਨਖਾਹ ਦੇਣ ਦੇ ਲਏ ਗਏ ਫ਼ੈਸਲੇ ਦਾ ਜ਼ੋਰਦਾਰ ਵਿਰੋਧ ਕਰਦਿਆਂ ਪੰਜਾਬ ਸਟੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਅੱਜ ਇੱਥੇ ਮਿੰਨੀ ਸੈਕਟਰੀਏਟ ਵਿਖੇ ਸਰਕਾਰ ਖਿਲਾਫ ਘੜੇ ਭੰਨ ਰੈਲੀ ਕੀਤੀ ਗਈ। ਇਸ ਰੈਲੀ ਦੀ ਅਗਵਾਈ ਕਰਦਿਆਂ ਫੈਡਰੇਸ਼ਨ ਦੇ ਸੂਬਾਈ ਆਗੂ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਸਰਕਾਰ ਦੇ ਅਜਿਹੇ ਮਨਸੂਬੇ ਸਫਲ ਨਹੀਂ ਹੋਣ ਦਿੱਤੇ ਜਾਣਗੇ। 26 ਜੁਲਾਈ ਤੱਕ ਸਰਕਾਰ ਦੇ ਖ਼ਿਲਾਫ਼ ਇਹ ਘੜੇ ਭੰਨ ਰੈਲੀਆ ਜਾਰੀ ਰਹਿਣਗੀਆਂ।
ਫਾਜ਼ਿਲਕਾ: ਦਿ ਕਲਾਸ ਫੋਰ ਗੌਰਮਿੰਟ ਐਂਪਲਾਇਜ਼ ਯੂਨੀਅਨ ਪੰਜਾਬ ਬ੍ਰਾਂਚ ਫਾਜ਼ਿਲਕਾ ਵੱਲੋਂ ਅੱਜ ਨਹਿਰੀ ਕਲੋਨੀ ‘ਚ ਨਹਿਰੀ ਵਿਭਾਗ ਦਫ਼ਤਰ ਅਤੇ ਡਰੇਨੇਜ਼ਜ਼ ਵਿਭਾਗ ਦਫ਼ਤਰ ਅੱਗੇ ਕਾਲੇ ਚੋਲੇ ਪਾਕੇ ਰੋਸ ਧਰਨਾ ਅਤੇ ਘੜੇ ਭੰਨ੍ਹ ਪ੍ਰਦਰਸ਼ਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਅਤੇ ਜੰਗਲਾਤ ਵਿਭਾਗ ਦੇ ਪ੍ਰਧਾਨ ਮਾਘ ਸਿੰਘ ਨੇ ਕੀਤੀ। ਜਨਰਲ ਸਕੱਤਰ ਸੁਖਦੇਵ ਸਿੰਘ, ਪ੍ਰੈਸ ਸਕੱਤਰ ਰਾਜੂ, ਰਮੇਸ਼ ਕੁਮਾਰ, ਸਾਹਬ ਰਾਮ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਸੱਤਾ ‘ਚ ਆਏ 3 ਸਾਲ ਹੋ ਚੁੱਕੇ ਹਨ ਪਰ ਚੋਣ ਮਨੋਰਥ ਪੱਤਰ ‘ਚ ਕੀਤਾ ਕੋਈ ਵੀ ਵਾਆਦਾ ਪੂਰਾ ਨਹੀਂ ਕੀਤਾ। ਫੂਡ ਐਂਡ ਸਪਲਾਈ ਤੋਂ ਅਨਵਰ ਸਿੰਘ ਖਾਲਸਾ, ਪਨਸਪ ਤੋਂ ਸੁਰਿੰਦਰ ਕੁਮਾਰ ਮੱਕੜ ਨੇ ਪੰਜਾਬ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ।