ਗੁਰਦੀਪ ਸਿੰਘ ਲਾਲੀ
ਸੰਗਰੂਰ, 7 ਮਈ
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਨਾਲ ਪੰਜਾਬ ਦੀ ਆਰਥਿਕਤਾ ਮੁੜ ਲੀਹ ’ਤੇ ਆਵੇਗੀ ਤੇ ਲੋਕਾਂ ਦੇ ਸੁਝਾਵਾਂ ਨਾਲ ਸੂਬੇ ਦੇ ਸਰਬਪੱਖੀ ਵਿਕਾਸ ਲਈ ਯੋਜਨਾਵਾਂ ਤਿਆਰ ਕੀਤੀਆਂ ਜਾਣਗੀਆਂ। ਉਹ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਮਾਲਵਾ ਖੇਤਰ ਦੇ ਚਾਰ ਜ਼ਿਲ੍ਹਿਆਂ ਸੰਗਰੂਰ, ਪਟਿਆਲਾ, ਬਰਨਾਲਾ ਅਤੇ ਮਾਲੇਰਕੋਟਲਾ ਦੇ ਸਨਅਤਕਾਰਾਂ, ਵਪਾਰੀਆਂ ਤੇ ਵਿਧਾਇਕਾਂ ਨਾਲ ਜਨਤਾ ਬਜਟ ਬਾਰੇ ਸੁਝਾਅ ਪ੍ਰਾਪਤ ਕਰਨ ਲਈ ਰੱਖੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
ਵਿੱਤ ਮੰਤਰੀ ਨੇ ਸਨਅਤਕਾਰਾਂ ਨੂੰ ਭਰੋਸਾ ਦਿੱਤਾ ਕਿ ਜਨਤਾ ਬਜਟ ਦਾ ਖਰੜਾ ਤਿਆਰ ਕਰਨ ਮੌਕੇ ਉਨ੍ਹਾਂ ਦੇ ਸੁਝਾਵਾਂ ਨੂੰ ਜ਼ਰੂਰ ਵਿਚਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਆਨਲਾਈਨ ਸੁਝਾਅ ਲੈਣ ਤੋਂ ਇਲਾਵਾ, ਉਹ ਤੇ ਉਨ੍ਹਾਂ ਦੀ ਟੀਮ ਲਗਾਤਾਰ ਕਈ ਜ਼ਿਲ੍ਹਿਆਂ ਦਾ ਦੌਰਾ ਕਰ ਕੇ ਜ਼ਮੀਨੀ ਪੱਧਰ ’ਤੇ ਲੋਕਾਂ ਦੇ ਸੁਝਾਅ ਲੈ ਰਹੇ ਹਨ। ਚੀਮਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸੂਬੇ ਦੀਆਂ ਪਿਛਲੀਆਂ ਸਰਕਾਰਾਂ ਨੇ ਉਦਯੋਗਾਂ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕੇ, ਜਿਸ ਕਾਰਨ ਸਨਅਤੀ ਵਿਕਾਸ ਸਹੀ ਢੰਗ ਨਾਲ ਨਹੀਂ ਹੋ ਸਕਿਆ।
ਸੁਝਾਵਾਂ ਦੇ ਨਾਲ-ਨਾਲ ਆਪਣੀਆਂ ਸਮੱਸਿਆਵਾਂ ਵੀ ਦੱਸ ਰਹੇ ਨੇ ਲੋਕ
ਚੰਡੀਗੜ੍ਹ (ਆਤਿਸ਼ ਗੁਪਤਾ): ਪੰਜਾਬ ਸਰਕਾਰ ਵੱਲੋਂ ਆਪਣੇ ਪਹਿਲੇ ਬਜਟ ਲਈ ਲੋਕਾਂ ਵੱਲੋਂ ਸੁਝਾਅ ਮੰਗੇ ਗਏ ਹਨ ਤੇ ਇਸ ਕੰਮ ਲਈ ਇੱਕ ਪੋਰਟਲ ਵੀ ਖੋਲ੍ਹਿਆ ਗਿਆ ਹੈ। ਇਸ ਪੋਰਟਲ ’ਤੇ ਬਜਟ ਬਾਰੇ ਸੁਝਾਅ ਦੇਣ ਦੇ ਨਾਲ ਨਾਲ ਵੱਡੀ ਗਿਣਤੀ ਲੋਕ ਆਪਣੀਆਂ ਸਮੱਸਿਆਵਾਂ ਵੀ ਦੱਸ ਰਹੇ ਹਨ। ਸੋਸ਼ਲ ਮੀਡੀਆ ’ਤੇ ਵੀ ਜਨਤਾ ਬਜਟ ਬਾਰੇ ਲੋਕਾਂ ਦੇ ਸੁਝਾਵਾਂ ਦੀ ਥਾਂ ਦੁੱਖ-ਤਕਲੀਫ਼ਾ ਦਾ ਬਿਓਰਾ ਜ਼ਿਆਦਾ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ ਹੀ ਵਿਰੋਧੀ ਧਿਰ ਵੱਲੋਂ ਵੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਪੋਰਟਲ ਅਤੇ ਸੋਸ਼ਲ ਮੀਡੀਆ ’ਤੇ ਵੱਡੀ ਗਿਣਤੀ ਸ਼ਿਕਾਇਤਾਂ ਵੱਖ ਵੱਖ ਵਿਭਾਗਾਂ ਵਿੱਚ ਲਟਕਦੇ ਆ ਰਹੇ ਕੰਮਾਂ ਨਾਲ ਸਬੰਧਤ ਹਨ, ਜਿਥੇ ਮਾਮੂਲੀ ਕੰਮਾਂ ਲਈ ਕਈ-ਕਈ ਦਿਨ ਧੱਕੇ ਖਾਣ ਲਈ ਮਜਬੂਰ ਲੋਕਾਂ ਨੇ ਸਰਕਾਰ ਤੋਂ ਇਸ ਪਾਸੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।