ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਪਟਿਆਲਾ/ਚੰਡੀਗੜ੍ਹ, 9 ਅਗਸਤ
ਕੌਂਸਲ ਆਫ਼ ਜੂਨੀਅਰ ਇੰਜਨੀਅਰਜ਼, ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਭਲਕੇ 10 ਅਗਸਤ ਨੂੰ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਆਫ ਇਲੈਕਟ੍ਰੀਸਿਟੀ ਐਂਪਲਾਈਜ਼ ਅਤੇ ਇੰਜਨੀਅਰਜ਼ ਵੱਲੋਂ ਦਿੱਤੀ ਦੇਸ਼ ਵਿਆਪੀ ਹੜਤਾਲ ਦੇ ਸੱਦੇ ਦੀ ਹਮਾਇਤ ਵਿੱਚ ਕੰਮਾਂ ਦਾ ਬਾਈਕਾਟ ਕੀਤਾ ਜਾਵੇਗਾ ਅਤੇ ਪਾਵਰ ਜੂਨੀਅਰ ਇੰਜਨੀਅਰਜ਼ ਵੱਲੋਂ ਪਾਵਰਕੌਮ ਦੇ ਸਮੂਹ ਵੰਡ ਸਰਕਲ ਹੈੱਡ ਕੁਆਰਟਰਾਂ ਸਾਹਮਣੇ ਰੋਸ ਰੈਲੀਆਂ ਕੀਤੀਆਂ ਜਾਣਗੀਆਂ। ਕੌਂਸਲ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਖਟੜਾ ਤੇ ਸੂਬਾ ਜਨਰਲ ਸਕੱਤਰ ਦਵਿੰਦਰ ਸਿੰਘ ਨੇ ਦੱਸਿਆ ਕਿ ਬਿਜਲੀ ਸੋਧ ਬਿੱਲ, 2021 ਦਾ ਮੁੱਖ ਉਦੇਸ਼ ਸਰਕਾਰੀ ਬਿਜਲੀ ਕੰਪਨੀਆਂ ਦਾ ਨਿੱਜੀਕਰਨ ਕਰਨਾ ਹੈ। ਇਸ ਦੌਰਾਨ ਕੌਂਸਲ ਆਫ਼ ਡਿਪਲੋਮਾ ਇੰਜਨੀਅਰਜ਼ ਨੇ ਭਲਕੇ 10 ਅਗਸਤ ਨੂੰ ਮੁੱਲਾਂਪੁਰ ਬੈਰੀਅਰ ਚੰਡੀਗੜ੍ਹ ਦੀ ਹੱਦ ’ਤੇ ਕੀਤਾ ਜਾਣ ਵਾਲਾ ਰੋਸ ਮਾਰਚ ਮੁਲਤਵੀ ਕਰ ਦਿੱਤਾ ਹੈ।