ਚਰਨਜੀਤ ਭੁੱਲਰ
ਚੰਡੀਗੜ੍ਹ, 31 ਦਸੰਬਰ
ਪੰਜਾਬ ’ਚ ਅੱਜ ਕਿਸਾਨੀ ਅੰਦੋਲਨ ’ਚ ਡਟੇ ਕਿਸਾਨਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਸਾਲ 2020 ਨੂੰ ਅਲਵਿਦਾ ਆਖਿਆ ਅਤੇ ਨਵੇਂ ਵਰ੍ਹੇ ’ਚ ਪ੍ਰਵੇਸ਼ ਕੀਤਾ। ਕਿਸਾਨੀ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ ਗਿਆ। 32 ਕਿਸਾਨਾਂ ਧਿਰਾਂ ਦੀ ਅਗਵਾਈ ਵਿਚ ਪੰਜਾਬ ਵਿਚ ਚੱਲ ਰਿਹਾ ਕਿਸਾਨ ਅੰਦੋਲਨ ਅੱਜ ਤਿੰਨ ਮਹੀਨੇ ਦਾ ਸਫਰ ਪੂਰਾ ਕਰ ਚੁੱਕਾ ਹੈ ਜਦੋਂ ਕਿ 36 ਦਿਨਾਂ ਤੋਂ ਕਿਸਾਨ ‘ਦਿੱਲੀ ਮੋਰਚੇ’ ’ਚ ਵੀ ਡਟੇ ਹੋਏ ਹਨ। ਕਿਸਾਨ ਧਿਰਾਂ ਨੇ ਦੇਰ ਸ਼ਾਮ ਤੱਕ ਸੰਘਰਸ਼ੀ ਮਸ਼ਾਲ ਨੂੰ ਅੱਜ ਜਗਾਈ ਰੱਖਿਆ। ਸੈਂਕੜੇ ਥਾਵਾਂ ’ਤੇ ਕਿਸਾਨਾਂ ਨੇ ਅੱਜ ਧਰਨਿਆਂ ਅਤੇ ਟੌਲ ਪਲਾਜ਼ਿਆਂ ’ਤੇ ਨਾਅਰਿਆਂ ਦੀ ਗੂੰਜ ਪਾਈ। ਬੀਕੇਯੂ ਉਗਰਾਹਾਂ ਵੱਲੋਂ ਪੰਜਾਬ ਵਿਚ 41 ਥਾਵਾਂ ’ਤੇ ਧਰਨੇ ਲਾਏ ਹੋਏ ਹਨ ਜਿਨ੍ਹਾਂ ਵਿਚ ਟੌਲ ਪਲਾਜ਼ੇ, ਕਾਰਪੋਰਟ ਅਦਾਰਿਆਂ ਦੇ ਕਾਰੋਬਾਰੀ ਸੰਸਥਾਨ ਅਤੇ ਭਾਜਪਾ ਆਗੂਆਂ ਦੇ ਘਰਾਂ ਦੇ ਅੱਗੇ ਦਿੱਤੇ ਜਾ ਰਹੇ ਧਰਨੇ ਵੀ ਸ਼ਾਮਲ ਹਨ। ਯੂਨੀਅਨ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਪੰਜਾਬ ਵਿਚ ਪਹਿਲੀ ਅਕਤੂਬਰ ਤੋਂ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਸ਼ੁਰੂ ਹੋਇਆ ਸੀ ਅਤੇ ਅੱਜ ਤਿੰਨ ਮਹੀਨੇ ਪੂਰੇ ਹੋ ਚੁੱਕੇ ਹਨ। ਉਨ੍ਹਾਂ ਆਖਿਆ ਕਿ ਕਿਸਾਨਾਂ ਦਾ ਜੋਸ਼ ਤੇ ਜਨੂੰਨ ਬਰਕਰਾਰ ਹੈ।
ਅੱਜ ਕਿਸਾਨਾਂ ਨੇ ਧਰਨਿਆਂ ਵਿੱਚ ਹੀ ਨਵਾਂ ਸਾਲ ਬਾਰੇ ਜਸ਼ਨ ਮਨਾਏ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜੰਡਿਆਲਾ ਗੁਰੂ ਦੇ ਰੇਲਵੇ ਸਟੇਸ਼ਨ ਲਾਗੇ ਧਰਨਾ ਲਾਇਆ ਹੋਇਆ ਹੈ, ਜਿਥੇ ਕਿਸਾਨਾਂ ਨੇ ਅੱਜ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਸੰਘਰਸ਼ ’ਤੇ ਡਟੇ ਰਹਿਣ ਦਾ ਪ੍ਰਣ ਲਿਆ। ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਸ਼ੁਰੂ ਹੋਏ ਸਾਂਝੇ ਕਿਸਾਨ ਸੰਘਰਸ਼ ਨੂੰ ਵੀ ਤਿੰਨ ਮਹੀਨੇ ਪੂਰੇ ਹੋ ਗਏ ਹਨ। ਪਹਿਲੀ ਅਕਤੂਬਰ ਨੂੰ ਰੇਲ ਪਟੜੀਆਂ ਮੱਲਣ ਤੋਂ ਬਾਅਦ ਪਲੇਟਫਾਰਮ ਤੋਂ ਹੁਣ ਰੇਲਵੇ ਪਾਰਕਿੰਗ ਵਿੱਚ ਭੁੱਖ ਹੜਤਾਲ ਵਜੋਂ ਸੰਘਰਸ਼ ਜਾਰੀ ਹੈ। ਪੰਜਾਬ ’ਚ ਸੈਂਕੜੇ ਥਾਵਾਂ ’ਤੇ ਚੱਲ ਰਹੀਆਂ ਸੰਘਰਸ਼ੀ ਥਾਵਾਂ ਵਿੱਚ ਹੋਰ ਵਧੇਰੇ ਜੋਸ਼ ਨਾਲ ਸ਼ਾਮਿਲ ਹੋਣ ਲਈ ਸੰਗਰਾਮੀ ਮੁਬਾਰਕਬਾਦ ਦਿੱਤੀ। ਸਾਂਝੇ ਇਕੱਠ ਨੂੰ ਅੱਜ ਕਿਸਾਨ ਆਗੂਆਂ ਬਲਵੰਤ ਸਿੰਘ ਉੱੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਸਾਹਿਬ ਸਿੰਘ ਬਡਬਰ, ਗੁਰਮੇਲ ਰਾਮ ਸ਼ਰਮਾ, ਕਰਨੈਲ ਸਿੰਘ ਗਾਂਧੀ, ਨਛੱਤਰ ਸਿੰਘ ਸਹੌਰ, ਜਸਪਾਲ ਕੌਰ ਕਮਗੜ੍ਹ, ਪ੍ਰੇਮਪਾਲ ਕੌਰ, ਚਰਨਜੀਤ ਕੌਰ, ਗੁਰਚਰਨ ਸਿੰਘ ਸਰਪੰਚ ਨੇ ਸੰਬੋਧਨ ਕੀਤਾ। ਭਲਕੇ ਸੰਘਰਸ਼ ਜਾਰੀ ਰੱਖਣ ਦੇ ਅਹਿਦ ਨਾਲ ਸਾਲ 2021 ਦੇ ਪਹਿਲੇ ਦਿਨ ਨੂੰ ਜੁਝਾਰੂ ਕਾਫਲੇ ਸੰਗਰਾਮੀ ਮੁਬਾਰਕ ਆਖਣਗੇ।
ਲੋਕ ਵਿਰੋਧੀ ਕਾਨੂੰਨ ਤੇ ਦਲਿਤ ਵਿਸ਼ੇ ’ਤੇ ਕਨਵੈਨਸ਼ਨਾਂ 5 ਤੋਂ
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਲੋਕ ਵਿਰੋਧੀ ਕਾਲੇ ਕਾਨੂੰਨ ਤੇ ਦਲਿਤ ਵਿਸ਼ੇ ਬਾਰੇ ਸਾਂਝੇ ਤੌਰ ’ਤੇ ਪੰਜਾਬ ਭਰ ਵਿੱਚ ਜ਼ੋਨ ਪੱਧਰੀ ਕਨਵੈਨਸ਼ਨਾਂ ਕਰਨ ਦਾ ਐਲਾਨ ਕੀਤਾ ਗਿਆ ਹੈ। ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਤੇ ਸਕੱਤਰ ਪਰਮਜੀਤ ਕੌਰ ਲੌਂਗੋਵਾਲ ਨੇ ਜਾਣਕਾਰੀ ਦਿੱਤੀ ਕਿ ਇਹ ਕਨਵੈਨਸ਼ਨਾਂ ਮਾਲਵਾ ਜ਼ੋਨ ਨੰਬਰ-1 ਦੀ ਕਨਵੈਨਸ਼ਨ 5 ਜਨਵਰੀ ਨੂੰ ਸੰਗਰੂਰ, ਦੁਆਬਾ ਜ਼ੋਨ ਦੀ ਕਨਵੈਨਸ਼ਨ 6 ਜਨਵਰੀ ਨੂੰ ਜਲੰਧਰ, ਮਾਝਾ ਜ਼ੋਨ ਦੀ 7 ਜਨਵਰੀ ਨੂੰ ਅੰਮ੍ਰਿਤਸਰ ਅਤੇ 8 ਜਨਵਰੀ ਨੂੰ ਮਾਲਵਾ ਜ਼ੋਨ ਨੰਬਰ 2 ਦੀ ਕਨਵੈਨਸ਼ਨ ਮੋਗਾ ਵਿਖੇ ਕੀਤੀ ਜਾਵੇਗੀ।
ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕਿਸਾਨ ਅੰਦੋਲਨ ਨੂੰ ਸਮਰਪਿਤ ਅਖੰਡ ਪਾਠ ਸ਼ੁਰੂ
ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਦਿੱਲੀ ਦੇ ਬਾਰਡਰ ’ਤੇ ਮੋਰਚੇ ਲਾ ਕੇ ਬੈਠੇ ਕਿਸਾਨਾਂ ਦੀ ਸਫ਼ਲਤਾ ਅਤੇ ਸੰਘਰਸ਼ ਦੌਰਾਨ ਅਕਾਲ ਚਲਾਣਾ ਕਰ ਗਏ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇੱਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਅਖੰਡ ਪਾਠ ਆਰੰਭ ਕਰਵਾ ਦਿੱਤੇ ਹਨ, ਜਿਨ੍ਹਾਂ ਦੇ ਭੋਗ 2 ਜਨਵਰੀ ਨੂੰ ਪਾਏ ਜਾਣਗੇ। ਤਖ਼ਤ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਵਿਖੇ ਜ਼ਿਲ੍ਹਾ ਜਥੇਬੰਦੀ ਵੱਲੋਂ ਅੱਜ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ, ਜਿਨ੍ਹਾਂ ਦੀ ਆਰੰਭਿਕ ਅਰਦਾਸ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਗੁਰਜੰਟ ਸਿੰਘ ਨੇ ਕੀਤੀ। ਅਕਾਲੀ ਦੇ ਜ਼ਿਲ੍ਹਾ (ਦਿਹਾਤੀ) ਦੇ ਪ੍ਰਧਾਨ ਬਲਕਾਰ ਸਿੰਘ ਬਰਾੜ ਨੇ ਦੱਸਿਆ ਕਿ ਭੋਗ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ-ਮਾਨਸਾ ਜ਼ਿਲ੍ਹਿਆਂ ਦੀ ਸਮੁੱਚੀ ਲੀਡਰਸ਼ਿਪ ਹਾਜ਼ਰੀ ਭਰੇਗੀ।