ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 14 ਅਗਸਤ
ਵਾਤਾਵਰਨ ਪ੍ਰੇਮੀਆਂ ਨੇ ਅੱਜ ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਕੀਤੇ ਐਲਾਨ ਮੁਤਾਬਕ ਸਤਲੁਜ ਦਰਿਆ ਵਿੱਚ ਪੈਂਦੇ ਬੁੱਢੇ ਨਾਲੇ ਦੇ ਦੂਸ਼ਿਤ ਪਾਣੀ ਨੂੰ ਰੋਕਣ ਲਈ ਮਿੱਟੀ ਨਾਲ ਭਰੀਆਂ ਹਜ਼ਾਰਾਂ ਬੋਰੀਆਂ ਲਾ ਕੇ ਬੰਨ੍ਹ ਮਾਰ ਦਿੱਤਾ। ਪੁਲੀਸ ਨੇ ਪ੍ਰੋਗਰਾਮ ਵਿੱਚ ਕਥਿਤ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਸਕੂਲ ਵਿੱਚ ਲੱਗਿਆ ਟੈਂਟ ਵੀ ਪੁੱਟ ਦਿੱਤਾ ਪਰ ਵਾਤਾਵਰਨ ਪ੍ਰੇਮੀਆਂ ਨੇ ਮਿਥੇ ਨਿਸ਼ਾਨੇ ਦੀ ਪੂਰਤੀ ਬੰਨ੍ਹ ਮਾਰ ਕੇ ਕੀਤੀ।
ਜਥੇਬੰਦੀ ਦੇ ਸੂਬਾਈ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਬੁੱਢੇ ਨਾਲੇ ਦੇ ਦੂਸ਼ਿਤ ਪਾਣੀ ਨੂੰ ਸਾਫ਼ ਕਰਨ ਅਤੇ ਫੈਕਟਰੀਆਂ ਦੇ ਕੈਮੀਕਲ ਮਿਲੇ ਪਾਣੀ ਨੂੰ ਦਰਿਆ ਵਿੱਚ ਪੈਣ ਤੋਂ ਰੋਕਣ ਲਈ ਪ੍ਰਭਾਵੀ ਕਦਮ ਨਹੀਂ ਚੁੱਕਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਬੰਨ੍ਹ ਮਾਰਨਾ ਸਿਰਫ਼ ਇੱਕ ਚਿਤਾਵਨੀ ਸੀ ਅਤੇ ਜੇਕਰ ਸਰਕਾਰ ਨੇ ਮਸਲੇ ਵੱਲ ਧਿਆਨ ਨਾ ਦਿੱਤਾ ਤਾਂ ਜਲਦੀ ਮੀਟਿੰਗ ਕਰ ਕੇ ਪੱਕਾ ਪ੍ਰੋਗਰਾਮ ਉਲੀਕਿਆ ਜਾਵੇਗਾ। ਉਨ੍ਹਾਂ ਸੂਬਾ ਸਰਕਾਰ ਤੇ ਪੰਜਾਬ ਪੁਲੀਸ ਦੇ ਰਵੱਈਏ ਦੀ ਨਿਖੇਧੀ ਵੀ ਕੀਤੀ।
ਗੰਦੇ ਪਾਣੀ ’ਤੇ ਬੰਨ੍ਹ ਲਗਾਉਣ ਤੋਂ ਪਹਿਲਾਂ ਵਲੀਪੁਰ ਵਿੱਚ ਇੱਕ ਵਿਸ਼ਾਲ ਰੋਸ ਰੈਲੀ ਵੀ ਕੱਢੀ ਗਈ, ਜਿਸ ਦੀ ਪ੍ਰਧਾਨਗੀ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ, ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸੰਤੋਖ ਸਿੰਘ ਬਿਲਗਾ ਤੇ ਸਾਬਕਾ ਸਰਪੰਚ ਪਰਗਟ ਸਿੰਘ ਆਲੀਵਾਲ ਨੇ ਕੀਤੀ। ਇਸ ਮੌਕੇ ਸਭਾ ਦੇ ਸੂਬਾਈ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਪਰਗਟ ਸਿੰਘ ਜਾਮਾਰਾਏ, ਰਘਵੀਰ ਸਿੰਘ ਬੈਨੀਪਾਲ, ਜਸਵਿੰਦਰ ਸਿੰਘ ਢੇਸੀ, ਮੋਹਣ ਸਿੰਘ ਧਮਾਣਾ ਨੇ ਆਖਿਆ ਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਸੂਬੇ ਦੀ ਧਰਤੀ ਤੇ ਦਰਿਆਵਾਂ ਦਾ ਪਾਣੀ ਦੂਸ਼ਿਤ ਹੋ ਰਿਹਾ ਹੈ। ਪਾਣੀ ਨੂੰ ਦੂਸ਼ਿਤ ਕਰਨ ਵਾਲੀਆਂ ਫੈਕਟਰੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਸਰਕਾਰ ਪਾਣੀ ਨੂੰ ਪਹਿਲਾਂ ਪ੍ਰਦੂਸ਼ਤ ਕਰਨ ਦੇ ਰਹੀ ਹੈ ਅਤੇ ਫਿਰ ਪਾਣੀ ਨੂੰ ਸਾਫ਼ ਕਰਨ ਦੇ ਨਾਮ ’ਤੇ ਅਰਬਾਂ ਰੁਪਏ ਕਾਰਪੋਰੇਟ ਕੰਪਨੀਆਂ ਦੇ ਝੋਲੀ ਪਾਏ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸਤਲੁਜ ਦਰਿਆ ’ਚ ਪੈਂਦੇ ਗੰਦੇ ਪਾਣੀ ਨੂੰ ਬੰਦ ਕਰਨ ਦਾ ਪੱਕਾ ਪ੍ਰਬੰਧ ਕੀਤਾ ਜਾਵੇ। ਇਕੱਠ ਨੇ ਮਤਾ ਪਾਸ ਕਰ ਕੇ ਗੰਨੇ ਦੀ ਅਦਾਇਗੀ ਲਈ ਚੱਲ ਰਹੇ ਘੋਲ ਦੀ ਹਮਾਇਤ ਕੀਤੀ। ਦੂਜੇ ਮਤੇ ਰਾਹੀਂ ਪਸ਼ੂਆਂ ’ਚ ਫੈਲੀ ਬਿਮਾਰੀ ਕਾਰਨ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਮੰਗਿਆ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਕਾਬਲ ਸਿੰਘ ਨੇ ਮਸਲੇ ਦੇ ਹੱਲ ਲਈ ਸਰਕਾਰ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ।