ਗੁਰਪ੍ਰੀਤ ਦੌਧਰ
ਅਜੀਤਵਾਲ, 31 ਅਕਤੂਬਰ
ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਦੇ 100 ਸਾਲ ਪੂਰੇ ਕਰਨ ’ਤੇ ਪਹਿਲਾ ਸ਼ਤਾਬਦੀ ਸਮਾਗਮ ਏਟਕ ਦੇ ਬਾਨੀ ਲਾਲਾ ਲਾਜਪਤ ਰਾਏ ਦੇ ਜੱਦੀ ਪਿੰਡ ਢੁੱਡੀਕੇ ਵਿੱਚ ਮਨਾਇਆ ਗਿਆ। ਇਸ ਮੌਕੇ ਮਜ਼ਦੂਰਾਂ, ਮੁਲਾਜ਼ਮਾਂ ਦੀ ਕੌਮੀ ਜਥੇਬੰਦੀ ਦਾ ਝੰਡਾ ਪੰਜਾਬ ਏਟਕ ਦੇ ਪ੍ਰਧਾਨ ਕਾਮਰੇਡ ਬੰਤ ਸਿੰਘ ਬਰਾੜ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਲਹਿਰਾਇਆ।
ਸ਼ਤਾਬਦੀ ਸਮਾਗਮ ਵਿੱਚ ਟਰਾਂਸਪੋਰਟ ਕਾਮੇ, ਬਿਜਲੀ ਬੋਰਡ, ਸਿਹਤ ਖੇਤਰ, ਆਸ਼ਾ ਤੇ ਆਂਗਣਵਾੜੀ ਵਰਕਰ, ਅਧਿਆਪਕ, ਨਰੇਗਾ, ਰਿਕਸ਼ਾ ਰੇਹੜੀ-ਫੜ੍ਹੀ ਯੂਨੀਅਨ, ਕਲਾਸ ਫ਼ੋਰ ਕਾਮਿਆਂ, ਬੈਂਕ ਮੁਲਾਜ਼ਮਾਂ, ਠੇਕਾ ਅਤੇ ਕੰਟਰੈਕਟ ਕਾਮਿਆਂ ਅਤੇ ਵਿਦਿਆਰਥੀਆਂ ਤੇ ਨੌਜਵਾਨਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਟਰੱਸਟੀ ਅਮਰਜੀਤ ਸਿੰਘ ਢੁੱਡੀਕੇ ਨੇ ਹਾਜ਼ਰੀਨ ਨੂੰ ਜੀ ਆਇਆਂ ਆਖਿਆ। ਏਟਕ ਪੰਜਾਬ ਦੇ ਪ੍ਰਧਾਨ ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਕਿ ਮੌਜੂਦਾ ਸੂਬਾ ਤੇ ਕੇਂਦਰ ਸਰਕਾਰ ਸਰਕਾਰੀ ਅਦਾਰਿਆਂ ਨੂੰ ਬੰਦ ਕਰ ਕੇ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਲਈ ਲੁੱਟ ਦੇ ਰਾਹ ਪੱਧਰੇ ਕਰ ਰਹੀ ਹੈ ਜਿਸ ਖ਼ਿਲਾਫ਼ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਦੇਸ਼ ਭਰ ਵਿੱਚ ਲਾਮਬੰਦੀ ਕਰ ਰਹੀ ਹੈ।
ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਆਖਿਆ ਕਿ ਸਰਕਾਰਾਂ ਵੱਲੋਂ ਵੱਖ-ਵੱਖ ਅਦਾਰਿਆਂ ਵਿੱਚੋਂ ਪੱਕੀਆਂ ਆਸਾਮੀਆਂ ਖ਼ਤਮ ਕਰ ਕੇ ਠੇਕੇ ਅਤੇ ਆਊਟਸੋਰਸਿੰਗ ’ਤੇ ਭਰਤੀ ਰਾਹੀਂ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ, ਇਸ ਲਈ ਸਰਕਾਰੀ ਖੇਤਰ ਦੀ ਉਸਾਰੀ ਤੇ ਕਿਰਤ ਵਿੱਚ ਮਜ਼ਦੂਰਾਂ ਦਾ ਹਿੱਸਾ ਵਧਾਉਣਾ ਜਥੇਬੰਦੀ ਦਾ ਪਹਿਲਾ ਕਾਰਜ ਹੈ। ਕਾਮਰੇਡ ਜਗਦੀਸ਼ ਸਿੰਘ ਚਾਹਲ ਅਤੇ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕੁਲਦੀਪ ਸਿੰਘ ਭੋਲਾ ਨੇ ਕਿਹਾ ਕਿ ਕਰੋਨਾਵਾਇਰਸ ਮਹਾਮਾਰੀ ਨੇ ਦੁਨੀਆਂ ਭਰ ਵਿੱਚ ਸਾਬਿਤ ਕਰ ਦਿੱਤਾ ਕਿ ਪ੍ਰਾਈਵੇਟ ਖੇਤਰ ਲੋਕਾਂ ਦੀ ਅੰਨ੍ਹੀ ਲੁੱਟ ਕਰਨ ਦਾ ਕੰਮ ਕਰਦਾ ਹੈ। ਊਨ੍ਹਾਂ ਕਿਹਾ ਕਿ ਦੇਸ਼ ਵਿੱਚ ਅਮੀਰੀ-ਗਰੀਬੀ ਦੇ ਪਾੜੇ ਨੂੰ ਖ਼ਤਮ ਕਰਨ ਲਈ ਅਤੇ ਮਜ਼ਦੂਰਾਂ, ਕਿਸਾਨਾਂ ਤੇ ਮੁਲਾਜ਼ਮਾਂ ਨੂੰ ਆਪਣੀ ਸਰਕਾਰ ਬਣਾਊਣ ਲਈ ਰਾਜਨੀਤਕ ਤੌਰ ’ਤੇ ਸਰਗਰਮ ਹੋਣਾ ਪਵੇਗਾ। ਸਮਾਗਮ ਦੌਰਾਨ ਲਾਲਾ ਲਾਜਪਤ ਰਾਏ ਮੈਮੋਰੀਅਲ ਦੇ ਜਨਰਲ ਸਕੱਤਰ ਰਣਜੀਤ ਸਿੰਘ ਧੰਨਾ, ਰਾਜਜੰਗ ਸਿੰਘ, ਮਾ. ਗੁਰਚਰਨ ਸਿੰਘ, ਕੇਵਲ ਸਿੰਘ ਖ਼ਜ਼ਾਨਚੀ ਵੱਲੋਂ ਸੂਬਾਈ ਆਗੂਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਆ ਗਿਆ।