ਬਲਵਿੰਦਰ ਰੈਤ
ਨੂਰਪੁਰ ਬੇਦੀ, 16 ਮਈ
ਪਿੰਡ ਰੋੜੂਆਣਾ ਵਿੱਚ ਲਗਾਈ ਜਾਣ ਵਾਲੀ ਈਥਾਨੋਲ ਰਸਾਇਣ ਫੈਕਟਰੀ ਦੇ ਲਾਗੇ ਵੱਡੀ ਪੱਧਰ ’ਤੇ ਕੀਤੀ ਗਈ ਨਾਜਾਇਜ਼ ਮਾਈਨਿੰਗ ਦੇ ਮਾਮਲੇ ’ਚ ਅੱਜ ਆਖ਼ਰਕਾਰ ਮਾਲ ਵਿਭਾਗ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਕਤ ਜ਼ਮੀਨ ਦੇ ਮਾਲਕੀ ਰਿਕਾਰਡ ਦੀ ਰਿਪੋਰਟ ਸਥਾਨਕ ਪੁਲੀਸ ਨੂੰ ਲੋੜੀਂਦੀ ਕਾਰਵਾਈ ਲਈ ਸੌਂਪ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਉਕਤ ਫੈਕਟਰੀ ਲਗਾਏ ਜਾਣ ਕਾਰਨ ਖੇਤਰ ਵਿੱਚ ਫੈਲਣ ਵਾਲੇ ਪ੍ਰਦੂਸ਼ਣ ਅਤੇ ਇਸ ਤੋਂ ਲੋਕਾਂ ਦੀ ਸਿਹਤ ਨੂੰ ਪਹੁੰਚਣ ਵਾਲੇ ਨੁਕਸਾਨ ਨੂੰ ਦੇਖਦੇ ਹੋਏ ਇਸ ਦੇ ਵਿਰੋਧ ਵਿੱਚ ਖੇਤਰ ਦੇ ਲੋਕਾਂ ਵੱਲੋਂ ਜਲ, ਜੰਗਲ ਤੇ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਸੰਘਰਸ਼ ਵਿੱਢਿਆ ਹੋਇਆ ਸੀ ਜੋ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਫੈਕਟਰੀ ਦੇ ਨਿਰਮਾਣ ’ਤੇ ਰੋਕ ਲਗਾਏ ਜਾਣ ਦੇ ਹੁਕਮਾਂ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ। ਮਗਰ ਉਕਤ ਸੰਘਰਸ਼ ਦੌਰਾਨ ਲੋਕਾਂ ਵੱਲੋਂ ਕੀਤੀ ਗਈ ਸ਼ਿਕਾਇਤ ’ਤੇ ਸਥਾਨਕ ਪੁਲੀਸ ਨੇ ਮਾਈਨਿੰਗ ਅਧਿਕਾਰੀਆਂ ਵੱਲੋਂ ਪੇਸ਼ ਕੀਤੀ ਰਿਪੋਰਟ ’ਤੇ 2 ਮਈ ਨੂੰ ਫੈਕਟਰੀ ਲਾਗੇ ਹੋਈ ਨਾਜਾਇਜ਼ ਮਾਈਨਿੰਗ ਦੇ ਸਬੰਧ ਵਿੱਚ ਨਾਮਲੂਮ ਵਿਅਕਤੀਆਂ ਖ਼ਿਲਾਫ਼ ਮਾਈਨਿੰਗ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ। ਇਸ ਸਬੰਧੀ ਸੰਘਰਸ਼ ਕਮੇਟੀ ਵੱਲੋਂ ਪ੍ਰਸ਼ਾਸਨ ’ਤੇ ਬਣਾਏ ਗਏ ਦਬਾਅ ਤਹਿਤ ਐੱਸਡੀਐੱਮ ਵੱਲੋਂ 13 ਮਈ ਤੱਕ ਮਾਲ ਵਿਭਾਗ ਤੇ ਮਾਈਨਿੰਗ ਵਿਭਾਗ ਨੂੰ ਆਪਸ ਵਿੱਚ ਤਾਲਮੇਲ ਕਰ ਕੇ ਉਕਤ ਮਾਈਨਿੰਗ ਵਾਲੀ ਜ਼ਮੀਨ ਦੇ ਮਾਲਕੀ ਰਿਕਾਰਡ ਦੀ ਰਿਪੋਰਟ ਬਣਾ ਕੇ ਕਾਰਵਾਈ ਕਰਨ ਸਬੰਧੀ ਸਥਾਨਕ ਪੁਲੀਸ ਨੂੰ ਸੌਂਪਣ ਲਈ ਕਿਹਾ ਗਿਆ ਸੀ।
ਐੱਸਡੀਐੱਮ ਸ੍ਰੀ ਆਨੰਦਪੁਰ ਸਾਹਿਬ ਦੇ ਆਦੇਸ਼ਾਂ ਦੀ ਮਿਆਦ ਖ਼ਤਮ ਹੋਣ ਤੋਂ ਕਰੀਬ ਤਿੰਨ ਦਿਨਾਂ ਬਾਅਦ ਆਖ਼ਰਕਾਰ ਉਕਤ ਦੋਵੇਂ ਵਿਭਾਗਾਂ ਵੱਲੋਂ ਕਾਰਵਾਈ ਕਰਨ ਲਈ ਉਕਤ ਨਾਜਾਇਜ ਮਾਈਨਿੰਗ ਵਾਲੀ ਜ਼ਮੀਨ ਦਾ ਮਾਲਕੀ ਰਿਕਾਰਡ ਪੁਲੀਸ ਨੂੰ ਸੌਂਪ ਦਿੱਤਾ ਗਿਆ ਹੈ। ਥਾਣਾ ਮੁਖੀ ਹਰਸ਼ ਮੋਹਨ ਗੌਤਮ ਨੇ ਆਖਿਆ ਕਿ ਉਕਤ ਰਿਪੋਰਟ ਉਨ੍ਹਾਂ ਨੂੰ ਮਿਲ ਚੁੱਕੀ ਹੈ, ਜਿਸ ਦੀ ਗੰਭੀਰਤਾ ਨਾਲ ਜਾਂਚ ਕਰਨ ਉਪਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਤੋਂ ਪਹਿਲਾਂ ਅੱਜ ਸੰਘਰਸ਼ ਕਮੇਟੀ ਵੱਲੋਂ ਉਕਤ ਮਾਮਲੇ ਨੂੰ ਲੈ ਕੇ ਬੈਠਕ ਕੀਤੀ ਗਈ। ਇਸ ਦੌਰਾਨ ਕਮੇਟੀ ਆਗੂਆਂ ਨੇ ਰੋਸ ਜ਼ਾਹਿਰ ਕਰਦਿਆਂ ਆਖਿਆ ਕਿ ਉਕਤ ਮਾਮਲੇ ਨੂੰ ਕੁਝ ਅਧਿਕਾਰੀਆਂ ਵੱਲੋਂ ਬੇਲੋੜਾ ਲਮਕਾਇਆ ਗਿਆ ਹੈ।