ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਜੂਨ
ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਲੁਧਿਆਣਾ ਤੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ 123 ਦਿਨਾਂ ਤੋਂ ਭਗੌੜੇ ਹਨ ਤੇ ਅਦਾਲਤ ਦੀ ਸਖ਼ਤੀ ਦੇ ਬਾਵਜੂਦ ਪੰਜਾਬ ਪੁਲੀਸ ਦੇ ਹਾਲੇ ਤੱਕ ਹੱਥ ਖਾਲੀ ਹਨ। ਸਾਬਕਾ ਵਿਧਾਇਕ ਬੈਂਸ ਨੇ ਦੋ ਜ਼ਮਾਨਤ ਅਰਜ਼ੀਆਂ ਲਗਾਈਆਂ ਸਨ ਤੇ ਉਹ ਦੋਵੇਂ ਹੀ ਹਾਈ ਕੋਰਟ ਨੇ ਖਾਰਜ ਕਰ ਦਿੱਤੀਆਂ। 24 ਫਰਵਰੀ ਨੂੰ ਸਾਬਕਾ ਵਿਧਾਇਕ ਬੈਂਸ ਨੂੰ ਸਾਥੀਆਂ ਸਣੇ ਲੁਧਿਆਣਾ ਦੀ ਅਦਾਲਤ ਨੇ ਭਗੌੜਾ ਕਰਾਰ ਦੇ ਦਿੱਤਾ ਸੀ, ਜਿਸ ਮਗਰੋਂ ਉਹ ਕਦੇ-ਕਦੇ ਸੋਸ਼ਲ ਮੀਡੀਆ ’ਤੇ ਐਕਟਿਵ ਹੁੰਦੇ ਹਨ ਪਰ ਆਪਣੇ ਘਰੋਂ ਤੇ ਦਫ਼ਤਰ ਵਿੱਚੋਂ ਫ਼ਰਾਰ ਚੱਲ ਰਹੇ ਹਨ। ਸਾਬਕਾ ਵਿਧਾਇਕ ਬੈਂਸ, ਉਨ੍ਹਾਂ ਦਾ ਭਰਾ, ਪੀਏ ਤੇ ਹੋਰਨਾਂ ਕਈ ਵਿਅਕਤੀਆਂ ’ਤੇ ਕੇਸ ਦਰਜ ਕਰਵਾਉਣ ਵਾਲੀ ਪੀੜਤ ਔਰਤ ਲਗਾਤਾਰ ਹਾਲੇ ਵੀ ਪੁਲੀਸ ਕਮਿਸ਼ਨਰ ਦਫ਼ਤਰ ਵਿੱਚ ਪ੍ਰਦਰਸ਼ਨ ਕਰਦੀ ਹੈ। ਔਰਤ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਕਿ ਬੈਂਸ ਨੂੰ ਸਿਆਸੀ ਦਬਾਅ ਕਾਰਨ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ ਹੈ। ਭਗੌੜਾ ਐਲਾਨਣ ਤੋਂ ਬਾਅਦ ਸ਼ਹਿਰ ’ਚ ਸਿਮਰਜੀਤ ਸਿੰਘ ਬੈਂਸ, ਪਰਮਜੀਤ ਸਿੰਘ ਬੈਂਸ, ਪ੍ਰਦੀਪ ਕੁਮਾਰ ਗੋਗੀ, ਸੁਖਚੈਨ ਸਿੰਘ, ਬਲਜਿੰਦਰ ਕੌਰ ਤੇ ਜਸਬੀਰ ਕੌਰ ਦੇ ਲੋੜੀਂਦੇ ਹੋਣ ਸਬੰਧੀ ਪੋਸਟਰ ਵੀ ਲਾਏ ਗਏ ਸਨ। ਸੂਤਰ ਦੱਸਦੇ ਹਨ ਕਿ ਮਾਮਲੇ ਵਿੱਚ ਅਦਾਲਤ ਨੇ ਬੈਂਸ ਦੀ ਜਾਇਦਾਦ ਦੀ ਕੁਰਕੀ ਕਰਨ ਦੀ ਕਾਰਵਾਈ ਦੇ ਹੁਕਮ ਜਾਰੀ ਕੀਤੇ ਸਨ।
ਬੈਂਸ ਨੂੰ ਗ੍ਰਿਫ਼ਤਾਰ ਨਾ ਕਰਨ ਦਾ ਇਹ ਵੀ ਇੱਕ ਕਾਰਨ ਹੈ ਕਿ ਸ਼ਹਿਰ ਦਾ ਮਾਹੌਲ ਖਰਾਬ ਨਾ ਹੋਵੇ। ਲੋਕ ਇਨਸਾਫ਼ ਪਾਰਟੀ ਸਿਰਫ਼ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਮੋਢਿਆਂ ’ਤੇ ਖੜ੍ਹੀ ਹੈ।