ਦਲਬੀਰ ਸੱਖੋਵਾਲੀਆ
ਬਟਾਲਾ, 3 ਨਵੰਬਰ
31 ਅਕਤੂਬਰ, 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਮਗਰੋਂ ਦੇਸ਼ ਭਰ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਘਟਨਾ ਨੂੰ 35 ਵਰ੍ਹੇ ਬੀਤ ਗਏ ਹਨ ਪਰ ਉਸ ਸਮੇਂ ਵੱਖ-ਵੱਖ ਸੂਬਿਆਂ ਵਿੱਚੋਂ ਮੌਤ ਨੂੰ ਝਕਾਨੀ ਦੇ ਕੇ ਬਚੇ ਲੋਕ ‘ਕਤਲੇਆਮ’ ਨੂੰ ਯਾਦ ਕਰ ਕੇ ਅੱਜ ਵੀ ਸੁੰਨ ਹੋ ਜਾਂਦੇ ਹਨ।
ਪਿੰਡ ਪੰਡੋਰੀ ਦੇ ਜੋਗਿੰਦਰ ਸਿੰਘ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਉਹ ਪੱਛਮੀ ਬੰਗਾਲ ਦੇ ਜ਼ਿਲ੍ਹਾ ਬੜਦਾਅ (ਨੇੜੇ ਆਸਨਸੋਲ) ਵਿੱਚ ਕੋਲੇ ਦੀ ਖਾਣ ’ਚ ਮਜ਼ਦੂਰੀ ਕਰਦਾ ਸੀ। 31 ਅਕਤੂਬਰ, 1984 ਨੂੰ ਉਹ ਆਪਣੀ ਧੀ ਦੇ ਵਿਆਹ ਲਈ 50 ਹਜ਼ਾਰ ਰੁਪਏ ਲੈ ਕੇ ਰੇਲਗੱਡੀ ਰਾਹੀਂ ਪਿੰਡ ਆ ਰਿਹਾ ਸੀ। ਜਦੋਂ ਰੇਲਗੱਡੀ ਅਲਾਹਾਬਾਦ/ਕਾਨਪੁਰ ਤੋਂ ਗਾਜ਼ੀਆਬਾਦ ਲਈ ਚੱਲੀ ਤਾਂ ਵੱਡੇ ਹਜ਼ੂਮ ਨੇ ਰੇਲ ਵਿੱਚ ਸਫ਼ਰ ਕਰ ਰਹੇ ਸਿੱਖਾਂ ਨੂੰ ਘੇਰ ਲਿਆ ਤੇ ਉਨ੍ਹਾਂ ਦੇ ਸੱਟਾਂ ਮਾਰੀਆਂ। ਉਸ ਨੇ ਆਪਣੀ ਜਾਨ ਬਚਾਉਣ ਲਈ ਸਟੇਸ਼ਨ ਮਾਸਟਰ ਦੇ ਕਮਰੇ ਵਿੱਚ ਵੜ ਕੇ ਅੰਦਰੋਂ ਕੁੰਡੀ ਲਾ ਲਈ। ਪੁਲੀਸ ਨੇ ਪਹਿਲੀ ਨਵੰਬਰ ਨੂੰ ਉਸ ਨੂੰ ਕਮਰੇ ਵਿੱਚੋਂ ਕੱਢਿਆ। ਉਸ ਨੇ ਪੁਲੀਸ ਅੱਗੇ ਜਾਨ ਬਖ਼ਸ਼ਣ ਲਈ ਹਾੜ੍ਹੇ ਕੱਢੇ ਅਤੇ ਪਾਣੀ ਪੀਣ ਲਈ ਬੇਨਤੀ ਕੀਤੀ। ਪੁਲੀਸ ਮੁਲਾਜ਼ਮਾਂ ਨੇ ਸਾਹਮਣੇ ਪਾਣੀ ਪੀਣ ਦਾ ਇਸ਼ਾਰਾ ਕੀਤਾ ਤਾਂ ਉਹ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਭੱਜ ਨਿਕਲਿਆ।
ਉਹ ਪਿੰਡ ਢੋਰਾ (ਜ਼ਿਲ੍ਹਾ ਇਟਾਵਾ) ਦੇ ਗੰਨਿਆਂ ਦੇ ਖੇਤ ਵਿੱਚ ਵੜ ਗਿਆ, ਜਿੱਥੇ 6 ਦਿਨ ਤੇ ਰਾਤਾਂ ਗੁਜ਼ਾਰੀਆਂ। ਜਦੋਂ ਉਸ ਨੂੰ ਪਿਆਸ ਲੱਗਦੀ ਤਾਂ ਉਹ ਗੰਨੇ ਚੂਪ ਲੈਂਦਾ।
ਮਗਰੋਂ ਕਮਾਦ ਦੇ ਮਾਲਕ ਤੇ ਪਿੰਡ ਢੋਰਾ ਦੇ ਸਰਪੰਚ ਸੇਵਾ ਰਾਮ ਨੇ ਕਮਾਦ ਦੀ ਵਾਢੀ ਕਰਦਿਆਂ ਉਸ ਨੂੰ ਗੰਭੀਰ ਜ਼ਖ਼ਮੀ ਹਾਲਤ ’ਚ ਦੇਖਿਆ। ਉਹ ਉਸ ਨੂੰ ਸਾਈਕਲ ਪਿੱਛੇ ਬਿਠਾ ਕੇ ਘਰ ਲੈ ਗਿਆ ਤੇ ਉਸ ਨੂੰ ਘਰ ਬਿਠਾ ਕੇ ਖ਼ੁਦ ਡਾਕਟਰ ਨੂੰ ਲੈਣ ਚਲਾ ਗਿਆ। ਇਸ ਬਾਰੇ ਪਤਾ ਲੱਗਣ ’ਤੇ ਪਿੰਡ ਦੇ ਲੋਕਾਂ ਨੇ ਸਰਪੰਚ ਦਾ ਘਰ ਘੇਰ ਲਿਆ ਪਰ ਸਰਪੰਚ ਦੀ ਸਖ਼ਤ ਚਿਤਾਵਨੀ ਕਾਰਨ ਬਚਾਅ ਹੋ ਗਿਆ। ਸਰਪੰਚ ਨੇ ਉਸ ਨੂੰ ਹਫ਼ਤਾ ਆਪਣੇ ਘਰ ਰੱਖਿਆ ਅਤੇ ਮਾਹੌਲ ਠੀਕ ਹੋਣ ’ਤੇ ਪੱਲਿਓਂ ਪੈਸੇ ਦੇ ਕੇ ਪਿੰਡ ਪੰਡੋਰੀ ਭੇਜਿਆ।
ਅਜਿਹਾ ਭਾਣਾ ਹੀ ਪਿੰਡ ਸੱਖੋਵਾਲ ਦੇ ਜੋਗਿੰਦਰ ਸਿੰਘ ਨਾਲ ਵਾਪਰਿਆ। ਉਹ ਗੁੜਗਾਉਂ ਦੇ ਪਿੰਡ ਡੋੜਾਹੈੜਾ ਦੀ ਇਕ ਧਾਗਾ ਮਿੱਲ ’ਚ ਕੰਮ ਕਰਦਾ ਸੀ। ਮਿੱਲ ਦਿੱਲੀ ਦੀ ਜੂਹ ਨਾਲ ਲੱਗਦੀ ਸੀ। ਪਹਿਲੀ ਨਵੰਬਰ ਨੂੰ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਲਈ ਹਜੂਮ ਨੇ ਮਿੱਲ ਘੇਰ ਲਈ। ਇੱਥੇ ਦਰਜਨਾਂ ਸਿੱਖ ਪਰਿਵਾਰਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਇਸ ਮਾਰੋਮਾਰੀ ’ਚ ਜੋਗਿੰਦਰ ਸਿੰਘ ਕਿਸੇ ਤਰ੍ਹਾਂ ਭੱਜ ਨਿਕਲਿਆ ਅਤੇ ਜ਼ਮੀਨਦੋਜ਼ ਪਾਈਪਾਂ ਵਿੱਚ ਕਈ ਦਿਨ ਅਤੇ ਰਾਤਾਂ ਗੁਜ਼ਾਰੀਆਂ। ਉਸ ਨੇ ਦੱਸਿਆ ਕਿ ਭੀੜ ਤਿੰਨ ਦਿਨ ਉਸ ਨੂੰ ਮਾਰਨ ਲਈ ਆਉਂਦੀ ਰਹੀ। ਚੌਥੇ ਦਿਨ ਦਿੱਲੀ ਦਾ ਇੱਕ ਅਮੀਰ ਸਿੱਖ ਫੈਕਟਰੀ ‘ਚ ਆਇਆ ਅਤੇ ਉਸ ਨੂੰ ਆਪਣੇ ਘਰ ਲੈ ਗਿਆ, ਜਿੱਥੇ ਕੁਝ ਦਿਨਾਂ ਬਾਅਦ ਮਾਹੌਲ ਸ਼ਾਂਤ ਹੋਣ ‘ਤੇ ਉਸ ਨੂੰ ਕਿਰਾਇਆ ਦੇ ਕੇ ਘਰ ਭੇਜਿਆ।
ਬਟਾਲਾ ਦੇ ਕਾਦੀਆਂ ਰੋਡ ’ਤੇ ਚਾਹ ਦੀ ਦੁਕਾਨ ਚਲਾ ਰਹੇ ਅਤੇ ਮੂਲ ਰੂਪ ਵਿੱਚ ਪਿੰਡ ਰੰਗੜ ਨੰਗਲ ਦੇ ਵਸਨੀਕ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਹ ਝਰੀਆ (ਝਾਰਖੰਡ, ਉਸ ਸਮੇਂ ਬਿਹਾਰ) ਦੀ ਇੱਕ ਕੋਲਾ ਖਾਣ ਵਿੱਚ ਟਰੱਕ ਚਲਾਉਂਦਾ ਸੀ। ਪਹਿਲੀ ਨਵੰਬਰ ਨੂੰ ਕੋਲਾ ਖਾਣ ਮੈਨੇਜਰ ਨੇ ਸਾਰੇ ਸਿੱਖਾਂ ਨੂੰ ਆਪਣੀ ਜਾਨ ਬਚਾਉਣ ਲਈ ਸਪੱਸ਼ਟ ਕਹਿ ਦਿੱਤਾ। ਉਹ ਜਦੋਂ ਟਰੱਕ ਲੈ ਕੇ ਸੜਕ ’ਤੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਕਈ ਥਾਵਾਂ ’ਤੇ ਸਿੱਖਾਂ ਦੀਆਂ ਗੱਡੀਆਂ ਘੇਰ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਰਸਤੇ ਵਿੱਚ ਇੱਕ ਜਗ੍ਹਾ ਭੀੜ ਨੇ ਉਸ ਦਾ ਟਰੱਕ ਘੇਰਨ ਦਾ ਯਤਨ ਕੀਤਾ ਤਾਂ ਉਸ ਨੇ ਟਰੱਕ ਭੀੜ ’ਤੇ ਚਾੜ੍ਹ ਦਿੱਤਾ ਅਤੇ ਥੋੜ੍ਹੀ ਦੂਰ ਥਾਣਾ ਝਰੀਆ ਵਿੱਚ ਜਾ ਗੱਡੀ ਲਾਈ। ਉੱਥੇ ਭੀੜ ਨੇ ਪੁਲੀਸ ਨੂੰ ਉਸ ਨੂੰ ਉਨ੍ਹਾਂ ਹਵਾਲੇ ਕਰਨ ਲਈ ਆਖਿਆ ਪਰ ਪੁਲੀਸ ਦੇ ਉਸ ਨੂੰ ਬਚਾ ਲਿਆ। ਉਸ ਨੇ ਦੱਸਿਆ ਕਿ ਬੋਕਾਰੋ ਵਿੱਚ ਉਸ ਦੇ ਤਾਏ ਦਾ ਲੜਕਾ ਮਾਰਿਆ ਗਿਆ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਸੰਪਤੀ ਵੀ ਸਾੜ ਦਿੱਤੀ ਗਈ।