ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 9 ਨਵੰਬਰ
ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਜਾਣ ਲਈ ਬਣਾਏ ਲਾਂਘੇ ਦੀ ਪਹਿਲੀ ਵਰ੍ਹੇਗੰਢ ਮਨਾਉਂਦਿਆਂ ਦਲ ਖਾਲਸਾ ਅਤੇ ਸਹਿਯੋਗੀ ਜਥੇਬੰਦੀਆਂ ਨੇ ਲਾਂਘੇ ਦੀ ਹੱਦ ਡੇਰਾ ਬਾਬਾ ਨਾਨਕ ’ਚ ਸਮਾਗਮ ਕਰਕੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ 30 ਨਵੰਬਰ ਨੂੰ ਆ ਰਹੇ ਗੁਰੂ ਨਾਨਕ ਦੇਵ ਦੇ 551ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਲਾਂਘਾ ਮੁੜ ਖੋਲ੍ਹ ਦਿੱਤਾ ਜਾਵੇ।
ਸਮਾਗਮ ਵਿੱਚ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਤਾਰ ਸਿੰਘ ਨੇ ਕੀਰਤਨ ਕੀਤਾ ਅਤੇ ਅਰਦਾਸ ਕੀਤੀ ਗਈ। ਇਸ ਸਮਾਗਮ ਵਿੱਚ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਗਿਆਨੀ ਕੇਵਲ ਸਿੰਘ ਸਮੇਤ ਅਕਾਲ ਪੁਰਖ ਕੀ ਫੌਜ ਜਥੇਬੰਦੀ ਦੇ ਆਗੂ ਐਡਵੋਕੇਟ ਜਸਵਿੰਦਰ ਸਿੰਘ ਨੇ ਸ਼ਿਰਕਤ ਕੀਤੀ। ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ 16 ਮਾਰਚ ਨੂੰ ਲਾਂਘਾ ਬੰਦ ਕਰ ਦਿੱਤਾ ਗਿਆ ਸੀ ਪਰ ਪਾਕਿਸਤਾਨ ਸਰਕਾਰ ਨੇ ਤਾਲਾਬੰਦੀ ਖਤਮ ਹੋਣ ਤੋਂ ਬਾਅਦ ਜੂਨ ਮਹੀਨੇ ਵਿੱਚ ਲਾਂਘਾ ਮੁੜ ਸ਼ੁਰੂ ਕਰਨ ਦੀ ਤਜਵੀਜ਼ ਦਿੱਤੀ ਸੀ ਜਿਸ ਨੂੰ ਭਾਰਤ ਸਰਕਾਰ ਨੇ ਰੱਦ ਕਰ ਦਿੱਤਾ ਸੀ। ਉਨ੍ਹਾਂ ਅਫਸੋਸ ਜਤਾਉਂਦਿਆਂ ਕਿਹਾ ਕਿ ਭਾਰਤ ਅੰਦਰ ਸਮਾਜਿਕ, ਰਾਜਨੀਤਿਕ, ਧਾਰਮਿਕ ਸਰਗਰਮੀਆਂ ਪਹਿਲਾਂ ਵਾਂਗ ਸ਼ੁਰੂ ਹੋ ਗਈਆਂ ਹਨ ਪਰ ਸਿੱਖਾਂ ਲਈ ਪਹਿਲੀ ਵਰੇਗੰਢ ਮੌਕੇ ਲਾਂਘਾ ਅਜੇ ਵੀ ਬੰਦ ਹੈ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਲਾਂਘੇ ਨੂੰ ਬੰਦ ਰੱਖਣ ਦਾ ਬਹਾਨਾ ਜਾਂ ਕਾਰਨ ਨਹੀਂ ਹੋਣਾ ਚਾਹੀਦਾ। ਅਕਾਲੀ ਦਲ ਯੂਨਾਈਟਿਡ ਦੇ ਆਗੂ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਕਰੋਨਾ ਕਾਰਨ ਦੇਸ਼ ਅੰਦਰ ਬੰਦ ਹੋਏ ਸਾਰੇ ਪ੍ਰਮੁੱਖ ਧਾਰਮਿਕ ਸਥਾਨ ਖੋਲ੍ਹ ਦਿੱਤੇ ਗਏ ਹਨ।
ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਕਈ ਦਹਾਕਿਆਂ ਦੀ ਲੰਮੀ ਉਡੀਕ ਮਗਰੋਂ ਪਿਛਲੇ ਵਰ੍ਹੇ ਸਿੱਖਾਂ ਦੀ ਲਾਂਘਾ ਖੁੱਲ੍ਹਣ ਦੀ ਇਹ ਮੰਗ ਪੂਰੀ ਹੋਈ ਸੀ। ਉਨ੍ਹਾਂ ਕਿਹਾ ਕਿ ਅਕਾਲ ਤਖਤ ਦੇ ਜਥੇਦਾਰ ਸਮੇਤ ਸਿੱਖ ਲੀਡਰਸ਼ਿਪ ਲਾਂਘਾ ਖੋਲ੍ਹਣ ਲਈ ਭਾਰਤ ਸਰਕਾਰ ਕੋਲੋਂ ਮੰਗ ਕਰ ਰਹੀ ਹੈ ਪਰ ਮੋਦੀ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ। ਅਕਾਲ ਫੈਡਰੇਸ਼ਨ ਦੇ ਕਨਵੀਨਰ ਨਾਰਾਇਣ ਸਿੰਘ ਨੇ ਕਿਹਾ ਕਿ ਲਾਂਘਾ ਸਿੱਖਾਂ ਦੀ ਦਹਾਕਿਆਂ ਦੀ ਘਾਲਣਾ, ਅਰਦਾਸਾਂ ਅਤੇ ਸੰਘਰਸ਼ ਦੇ ਨਤੀਜੇ ਵਜੋਂ ਹੋਂਦ ਵਿੱਚ ਆਇਆ ਸੀ ਪਰ ਕੇਂਦਰ ਸਰਕਾਰ ਨੇ ਕਰੋਨਾ ਦਾ ਬਹਾਨਾ ਬਣਾ ਕੇ ਸਿੱਖ ਭਾਈਚਾਰੇ ਨੂੰ ਇਸ ਤੋਂ ਵਾਂਝਾ ਕਰ ਰੱਖਿਆ ਹੈ।
ਇਸ ਮੌਕੇ ਸਿੱਖ ਆਗੂ ਸੁਖਪ੍ਰੀਤ ਸਿੰਘ ਉਦੋਕੇ, ਬਾਬਾ ਹਰਦੀਪ ਸਿੰਘ ਮਹਿਰਾਜ, ਜਸਵੀਰ ਸਿੰਘ ਖੰਡੂਰ, ਰਣਬੀਰ ਸਿੰਘ, ਪਰਮਜੀਤ ਸਿੰਘ ਟਾਂਡਾ, ਗੁਰਦੀਪ ਸਿੰਘ ਕਾਲਕੱਟ, ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ, ਰਣਜੀਤ ਸਿੰਘ ਦਮਦਮੀ ਟਕਸਾਲ, ਜਥੇਦਾਰ ਦਿਲਬਾਗ ਸਿੰਘ ਵੀ ਹਾਜ਼ਿਰ ਸਨ। ਇਸ ਮੌਕੇ ਨੌਜਵਾਨਾਂ ਨੇ ਹੱਥਾਂ ਵਿੱਚ ਲਾਂਘਾ ਖੋਲ੍ਹਣ ਦੇ ਹੱਕ ਵਿੱਚ ਬੈਨਰ ਤੇ ਤਖ਼ਤੀਆਂ ਫੜੀਆਂ ਹੋਈਆਂ ਸਨ।
ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਭਾਰਤ ਸਰਕਾਰ ਤੋਂ ਲਾਂਘਾ ਖੋਲ੍ਹਣ ਦੀ ਮੰਗ ਗੁਰਦੁਆਰਾ ਕਰਤਾਰਪੁਰ ਲਾਂਘੇ ਦੀ ਪਹਿਲੀ ਵਰ੍ਹੇਗੰਢ ਮੌਕੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਭਾਰਤ ਸਰਕਾਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਇਸ ਲਾਂਘੇ ਨੂੰ ਖੋਲ੍ਹ ਕੇ ਆਪਣੀ ਖੁੱਲ੍ਹਦਿਲੀ ਦਾ ਸਬੂਤ ਦੇਵੇ। ਵੀਡੀਓ ਸੁਨੇਹੇ ਰਾਹੀਂ ਉਨ੍ਹਾਂ ਆਖਿਆ ਕਿ ਪਾਕਿਸਤਾਨ ਸਰਕਾਰ ਇਸ ਲਾਂਘੇ ਨੂੰ ਖੋਲ੍ਹਣ ਦੀ ਮੁੜ ਪੇਸ਼ਕਸ਼ ਕਰ ਚੁੱਕੀ ਹੈ ਅਤੇ ਹੁਣ ਭਾਰਤ ਸਰਕਾਰ ਵੀ ਇਸ ਮਾਮਲੇ ਵਿਚ ਆਪਣੀ ਖੁੱਲ੍ਹਦਿਲੀ ਦਾ ਸਬੂਤ ਦੇਵੇ। ਉਨ੍ਹਾਂ ਕਿਹਾ ਕਿ ਇਹ ਲਾਂਘਾ ਨਾ ਸਿਰਫ ਭਾਰਤ ਅਤੇ ਪਾਕਿਸਤਾਨ ਵਿਚ ਆਪਸੀ ਸ਼ਾਂਤੀ ਸਗੋਂ ਸਮੁੱਚੇ ਏਸ਼ਿਆਈ ਖਿੱਤੇ ਵਿਚ ਸ਼ਾਂਤੀ ਸਥਾਪਤੀ ਲਈ ਮੀਲ ਪੱਥਰ ਸਾਬਤ ਹੋ ਸਕਦਾ ਹੈ ਅਤੇ ਇਹ ਦੋਵਾਂ ਮੁਲਕਾਂ ਵਿਚਾਲੇ ਸ਼ਾਂਤੀ ਸਥਾਪਤੀ ਵਿਚ ਸਹਾਇਕ ਵੀ ਸਾਬਤ ਹੋ ਰਿਹਾ ਸੀ। ਉਨ੍ਹਾਂ ਕਿਹਾ ਕਿ ਜੇ ਦੋਵੇਂ ਮੁਲਕ ਆਪਸੀ ਸ਼ਾਂਤੀ ਦੇ ਇਛੁੱਕ ਹਨ ਤਾਂ ਫਿਰ ਇਸ ਲਾਂਘੇ ਨੂੰ ਜਲਦੀ ਖੋਲ੍ਹਣਾ ਚਾਹੀਦਾ ਹੈ।