ਬੀ ਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 12 ਸਤੰਬਰ
ਇੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਤਰ ਹੋਏ ਸਾਬਕਾ ਫ਼ੌਜੀਆਂ ਨੇ ਹੱਥਾਂ ਵਿੱਚ ਕਾਲੇ ਝੰਡੇ ਫੜ ਕੇ ਆਮ ਆਦਮੀ ਪਾਰਟੀ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਰੋਸ ਮਾਰਚ ਕੱਢਣ ਉਪਰੰਤ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ। ਸਵੇਰ ਸਮੇਂ ਸੈਂਕੜਿਆਂ ਦੀ ਗਿਣਤੀ ਵਿੱਚ ਸਾਬਕਾ ਫ਼ੌਜੀਆਂ ਨੇ ਇਕੱਤਰ ਹੋ ਕੇ ਸ਼ਹਿਰ ਵਿੱਚ ਕਾਲੇ ਝੰਡਿਆਂ ਨਾਲ ਰੋਸ ਮਾਰਚ ਕੱਢਿਆ ਅਤੇ ਆਮ ਆਦਮੀ ਪਾਰਟੀ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਐੱਸਡੀਐੱਮ ਦਫ਼ਤਰ ਦੇ ਬਾਹਰ ਕਚਹਿਰੀ ਰੋਡ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ।
ਇਸ ਮੌਕੇ ਕਰਨਲ ਐੱਫ ਐੱਸ ਚਹਿਲ ਜ਼ਿਲ੍ਹਾ ਹੈੱਡ ਇੰਚਾਰਜ, ਕੈਪਟਨ ਬਲਦੇਵ ਸਿੰਘ ਰੋਪੜ, ਸੂਬੇਦਾਰ ਦਵਿੰਦਰ ਕੁਮਾਰ, ਕੈਪਟਨ ਸੰਤੋਖ ਸਿੰਘ, ਸਤਪਾਲ ਸਿੰਘ ਵਾਈਸ ਪ੍ਰਧਾਨ, ਸਾਬਕਾ ਸਰਵਿਸਮੈਨ ਯੂਨਾਈਟਿਡ ਦੇ ਪ੍ਰਧਾਨ ਹਰੀ ਕ੍ਰਿਸ਼ਨ ਸ੍ਰੀ ਆਨੰਦਪੁਰ ਸਾਹਿਬ ਤੇ ਕੈਪਟਨ ਬਲਵੀਰ ਸਿੰਘ ਆਦਿ ਨੇ ਕਿਹਾ ਕਿ ਫਰਵਰੀ 2018 ’ਚ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੀਓਜੀ ਸਕੀਮ ਦੀ ਸ਼ੁਰੂਆਤ ਕੀਤੀ ਸੀ ਜਿਸ ਨੂੰ ਆਪ ਸਰਕਾਰ ਨੇ ਬਗੈਰ ਕੋਈ ਨੋਟਿਸ ਦਿੱਤਿਆਂ ਬੰਦ ਕਰ ਦਿੱਤਾ ਜਿਸ ਨਾਲ 4300 ਦੇ ਕਰੀਬ ਸਾਬਕਾ ਫੌਜੀ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਫ਼ੌਜੀ ਲੋਕ ਭਲਾਈ ਦਾ ਕੰਮ ਕਰਦੇ ਸਨ, ਪਰ ਅਫ਼ਸੋਸ ਇਹ ਸਕੀਮ ਬੰਦ ਹੋਣ ਨਾਲ ਸੂਬੇ ਵਿੱਚ ਰੱਜ ਕੇ ਭ੍ਰਿਸ਼ਟਾਚਾਰ ਹੋਵੇਗਾ। ਇਸ ਮੌਕੇ ਵੱਡੀ ਗਿਣਤੀ ਵਿੱਚ ਸਾਬਕਾ ਫ਼ੌਜੀ ਹਾਜ਼ਰ ਸਨ।