ਜੋਗਿੰਦਰ ਸਿੰਘ ਮਾਨ
ਮਾਨਸਾ, 14 ਮਾਰਚ
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਨਾਨ-ਬੋਰਡ ਜਮਾਤਾਂ ਦੀਆਂ 15 ਮਾਰਚ ਤੋਂ ਸ਼ੁਰੂ ਹੋ ਰਹੀਆਂ ਸਾਲਾਨਾ ਘਰੇਲੂ ਪ੍ਰੀਖਿਆਵਾਂ ਵੀ ਸਵੇਰ ਅਤੇ ਸ਼ਾਮ ਦੇ ਸ਼ੈਸਨ ਦੌਰਾਨ ਸ਼ਿਫਟਾਂ ਵਿੱਚ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਸਿੱਖਿਆ ਵਿਭਾਗ ਵੱਲੋਂ ਸੂਬੇ ਵਿੱਚ ਕਰੋਨਾ ਮਹਾਮਾਰੀ ਦੇ ਵਧਦੇ ਖਤਰੇ ਦੌਰਾਨ ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਘਰਾਂ ਵਿੱਚ ਹੀ ਰਹਿਕੇ ਪੇਪਰਾਂ ਦੀ ਤਿਆਰੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਦੌਰਾਨ ਪਹਿਲੀ ਤੋਂ ਚੌਥੀ, ਛੇਵੀਂ, ਸੱਤਵੀ, ਨੌਵੀਂ ਅਤੇ ਗਿਆਰਵੀਂ ਜਮਾਤਾਂ ਦੀਆਂ ਪ੍ਰੀਖਿਆਵਾਂ ਦੌਰਾਨ ਵਿਦਿਆਰਥੀਆਂ ਦੀ ਇਕੱਤਰਤਾ ਘੱਟ ਕਰਨ ਲਈ ਪ੍ਰੀਖਿਆਵਾਂ ਸ਼ਿਫਟਾਂ ਵਿੱਚ ਲੈਣ ਲਈ ਵਿਭਾਗ ਵੱਲੋਂ ਮੁੜ ਤੋਂ ਸੋਧੀ ਹੋਈ ਡੇਟਸ਼ੀਟ ਜਾਰੀ ਕੀਤੀ ਗਈ ਹੈ। ਮਾਨਸਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੰਜੀਵ ਕੁਮਾਰ ਬਾਂਸਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਗਰੂਪ ਭਾਰਤੀ ਨੇ ਦੱਸਿਆ ਕਿ ਸੋਧੀ ਡੇਟਸ਼ੀਟ ਅਨੁਸਾਰ ਸਵੇਰ ਦਾ ਸੈਸ਼ਨ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗਾ ਅਤੇ 20 ਮਿੰਟ ਦੀ ਬਰੇਕ ਉਪਰੰਤ ਬਾਅਦ ਦੁਪਹਿਰ 12.20 ਤੋਂ 3.20 ਤੱਕ ਸ਼ਾਮ ਦਾ ਸ਼ੈਸਨ ਹੋਵੇਗਾ। ਸੈਕੰਡਰੀ ਸਕੂਲਾਂ ਦੇ ਛੇਵੀਂ ਅਤੇ ਗਿਆਰਵੀਂ ਜਮਾਤਾਂ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਸਵੇਰ ਦੇ ਸੈਸ਼ਨ ਦੌਰਾਨ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗੀ ਜਦਕਿ ਸੱਤਵੀਂ ਅਤੇ ਨੌਵੀਂ ਜਮਾਤਾਂ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਸ਼ਾਮ ਦੇ ਸੈਸ਼ਨ ਦੌਰਾਨ ਬਾਅਦ ਦੁਪਹਿਰ 12.20 ਤੋਂ 3.20 ਵਜੇ ਤੱਕ ਹੋਵੇਗੀ।
ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸੰਜੀਵ ਕੁਮਾਰ ਅਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਗੁਰਲਾਭ ਸਿੰਘ ਨੇ ਦੱਸਿਆ ਕਿ ਪ੍ਰਾਇਮਰੀ ਸਕੂਲਾਂ ਦੇ ਤੀਜੀ ਅਤੇ ਚੌਥੀ ਜਮਾਤ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਸਵੇਰ ਦੇ ਸੈਸ਼ਨ ਦੌਰਾਨ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗੀ ਜਦਕਿ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਸ਼ਾਮ ਦੇ ਸੈਸ਼ਨ ਦੌਰਾਨ ਬਾਅਦ ਦੁਪਹਿਰ 12.20 ਤੋਂ 3.20 ਵਜੇ ਤੱਕ ਹੋਵੇਗੀ। ਇਸ ਦੌਰਾਨ ਕਰੋਨਾ ਪਾਜ਼ੇਟਿਵ ਦੀ ਵਜ੍ਹਾ ਨਾਲ ਪ੍ਰੀਖਿਆ ਨਾ ਦੇ ਸਕਣ ਵਾਲੇ ਵਿਦਿਆਰਥੀਆਂ ਦੀ ਪ੍ਰੀਖਿਆ ਬਾਅਦ ਵਿੱਚ ਨਵਾਂ ਪ੍ਰਸ਼ਨ ਪੱਤਰ ਜਾਰੀ ਕਰਕੇ ਲਈ ਜਾਵੇਗੀ।
ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀਆਂ ਲਈ ਮਾਸਕ ਲਾਜ਼ਮੀ ਹੋਵੇਗਾ। ਵਿਦਿਆਰਥੀਆਂ ਨੂੰ ਪਾਣੀ ਦੀ ਬੋਤਲ ਸਮੇਤ ਹੋਰ ਸਟੇਸ਼ਨਰੀ ਸਾਮਾਨ ਆਪਣਾ ਲਿਆਉਣ ਲਈ ਕਿਹਾ ਜਾਵੇਗਾ। ਕਮਰਿਆਂ ਅੰਦਰ ਲੱਗੇ ਡੈਸਕਾਂ ਉੱਪਰ ਸਿਰਫ਼ ਇੱਕ ਵਿਦਿਆਰਥੀ ਬਿਠਾਇਆ ਜਾਵੇਗਾ ਜੇ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਡੈਸਕ ਘਟਦੇ ਹਨ ਤਾਂ ਵਿਦਿਆਰਥੀਆਂ ਨੂੰ ਨਿਰਧਾਰਤ ਦੂਰੀ ‘ਤੇ ਟਾਟ ਉੱਪਰ ਬਰਾਂਡਿਆਂ ਜਾ ਖੁੱਲ੍ਹੇ ਵਿੱਚ ਬਿਠਾਇਆ ਜਾ ਸਕੇਗਾ।